ਨਸਲਵਾਦ ਵਿਰੋਧੀ ਕਾਨੂੰਨ ਬਾਰੇ ਕਮਿਊਨਿਟੀ ਦੀ ਅਗਵਾਈ ਵਿੱਚ ਸਲਾਹ-ਮਸ਼ਵਰੇ ਦੀ ਰਿਪੋਰਟ 

ਸਾਰ 

People having a discussion at the office

ਸੰਖੇਪ ਝਾਤ 

2022 ਵਿੱਚ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀ ਸਰਕਾਰ ਨੇ ਐਂਟੀ-ਰੇਸਿਜ਼ਮ ਡੈਟਾ ਐਕਟ (ਏ ਆਰ ਡੀ ਏ) ਨੂੰ ਪੇਸ਼ ਕਰਕੇ ਢਾਂਚਾਗਤ ਨਸਲਵਾਦ ਵਿਰੁੱਧ ਇਕ ਵੱਡਾ ਕਦਮ ਚੁੱਕਿਆ। ਇਸ ਨੇ ਸੂਬਾਈ ਸਰਕਾਰ ਨੂੰ ਰੰਗਦਾਰ ਲੋਕਾਂ ਨੂੰ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਖਤਮ ਕਰਨ ਲਈ ਵੱਖਰੇ ਵੱਖਰੇ ਤੌਰ `ਤੇ ਨਸਲ-ਆਧਾਰਿਤ ਜਾਣਕਾਰੀ ਇਕੱਤਰ ਕਰਨ ਦੇ ਯੋਗ ਬਣਾਇਆ। ਇਸ ਨੂੰ ਅੱਗੇ ਵਧਾਉਂਦਿਆਂ, ਸੂਬਾ ਹੁਣ ਢਾਂਚਾਗਤ ਨਸਲਵਾਦ ਨਾਲ ਨਿਪਟਣ ਅਤੇ ਇਸ ਨੂੰ ਖਤਮ ਕਰਨ ਲਈ ਏ ਆਰ ਡੀ ਏ ਅਤੇ ਹੋਰ ਸ੍ਰੋਤਾਂ ਦੀਆਂ ਲੱਭਤਾਂ ਬਾਰੇ ਕਦਮ ਚੁੱਕਣ ਲਈ ਇਕ ਨਸਲਵਾਦ-ਵਿਰੋਧੀ ਵਿਸਤ੍ਰਿਤ ਕਾਨੂੰਨ ਲਿਆ ਰਿਹਾ ਹੈ।  

ਇਹ ਯਕੀਨੀ ਬਣਾਉਣ ਲਈ ਕਿ ਇਹ ਕਾਨੂੰਨ ਕਾਰਗਰ ਅਤੇ ਸਭ ਨੂੰ ਸ਼ਾਮਲ ਕਰਨ ਵਾਲਾ ਹੈ, ਸੂਬੇ ਨੇ ਸੰਨ 2023 ਵਿੱਚ ਵੱਡੀ ਪੱਧਰ `ਤੇ ਸਲਾਹ-ਮਸ਼ਵਰਾ ਕੀਤਾ। ਇਸ ਵਿੱਚ ਇਕ ਜਨਤਕ ਆਨਲਾਈਨ ਪ੍ਰਸ਼ਨਾਵਲੀ, ਮਿੱਥ ਕੇ ਕੀਤਾ ਸਲਾਹ-ਮਸ਼ਵਰਾ ਅਤੇ ਇਨਡਿਜਨਸ ਭਾਈਵਾਲਾਂ ਨਾਲ ਸਾਂਝਾ ਵਿਕਾਸ, ਅਤੇ  ਸਾਰੇ ਬੀ ਸੀ ਵਿੱਚ ਕਮਿਊਨਿਟੀ ਦੀਆਂ ਸੰਸਥਾਂਵਾਂ ਦੀ ਅਗਵਾਈ ਵਿੱਚ ਰੰਗਦਾਰ ਭਾਇਚਾਰਿਆਂ ਨਾਲ ਵਿਚਾਰ ਵਟਾਂਦਰਾ ਸ਼ਾਮਲ ਸੀ। ਇਹ ਸਾਂਝੀ ਸਿਰਜਣਾਤਮਕ ਪਹੁੰਚ ਢਾਂਚਾਗਤ ਨਸਲਵਾਦ ਨਾਲ ਨਿਪਟਣ ਲਈ ਵੰਨ-ਸੁਵੰਨੇ ਦ੍ਰਿਸ਼ਟੀਕੋਨਾਂ ਅਤੇ ਤਜਰਬਿਆਂ ਨੂੰ ਸਮੁੱਚੇ ਰੂਪ ਵਿੱਚ ਸ਼ਾਮਲ ਕਰਨ ਵਾਲੇ ਕਾਨੂੰਨ ਨੂੰ ਤਿਆਰ ਕਰਨ ਵਿੱਚ ਇਕ ਸੋਚ ਸਮਝ ਕੇ ਕੀਤੇ ਯਤਨ ਦਾ ਅਕਸ ਦਿਖਾਉਂਦੀ ਸੀ। 

ਬੀ ਸੀ ਵਿੱਚ ਕਮਿਊਨਿਟੀ ਸੰਸਥਾਂਵਾਂ ਨੂੰ ਸ਼ਾਮਲ ਕਰਨਾ ਢਾਂਚਾਗਤ ਨਸਲਵਾਦ ਨਾਲ ਨਿਪਟਣ ਲਈ ਉਹਨਾਂ ਦੀ ਕੇਂਦਰੀ ਭੂਮਿਕਾ ਨੂੰ ਸਵੀਕਾਰ ਕਰਨਾ ਅਤੇ ਮਲਟੀਕਲਚਰਲਿਜ਼ਮ ਅਤੇ ਨਸਲਵਾਦ ਦੇ ਵਿਰੋਧ ਨੂੰ ਉਤਸ਼ਾਹਿਤ ਕਰਨਾ ਸੀ। ਇਹਨਾਂ ਜਥੇਬੰਦੀਆਂ ਦੇ ਜ਼ਮੀਨੀ (ਗਰਾਸ ਰੂਟ) ਪੱਧਰ `ਤੇ ਸੰਬੰਧ ਹਨ ਅਤੇ ਉਹਨਾਂ ਕੋਲ ਸਥਾਨਕ ਸੰਦਰਭਾਂ ਦੀ ਡੂੰਘੀ ਸਮਝ ਹੈ, ਜਿਸ ਕਾਰਨ ਸਭਿਆਚਾਰਕ ਤੌਰ `ਤੇ ਸੰਵੇਦਨਸ਼ੀਲ ਦਖਲਅੰਦਾਜ਼ੀਆਂ ਅਤੇ ਨੀਤੀਆਂ ਵਿੱਚ ਤਬਦੀਲੀਆਂ ਕਰਨ ਦੀ ਵਕਾਲਤ ਕਰਨ ਲਈ ਉਹਨਾਂ ਦੀ ਭੂਮਿਕਾ ਜ਼ਰੂਰੀ ਬਣ ਜਾਂਦੀ ਹੈ। ਉਹ ਸਭਿਆਚਾਰਕ ਤੌਰ `ਤੇ ਰਾਜ਼ੀ ਹੋਣ ਲਈ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ, ਰਾਜ਼ੀ ਹੋਣ ਲਈ ਗਰੁੱਪ-ਆਧਾਰਿਤ ਪਹੁੰਚਾਂ ਦਾ ਸਮਰਥਨ ਕਰਦੀਆਂ ਹਨ ਅਤੇ ਜਾਗਰੂਕ ਕਰਨ ਅਤੇ ਸਾਰਿਆਂ ਨੂੰ ਸ਼ਾਮਲ ਕਰਨ ਦੇ ਉੱਦਮਾਂ ਦਾ ਸਮਰਥਨ ਕਰਦੀਆਂ ਹਨ। ਇਸ ਦੇ ਨਾਲ ਹੀ ਉਹ ਸਰਕਾਰ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣ, ਕਮਿਊਨਿਟੀ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰ ਦੀਆਂ ਮਲਟੀਕਲਚਰਲਿਜ਼ਮ ਅਤੇ ਨਸਲਵਾਦ-ਵਿਰੋਧੀ ਨੀਤੀਆਂ ਅਤੇ ਉੱਦਮਾਂ ਨੂੰ ਸੰਤੁਲਨ ਢੰਗ ਨਾਲ ਲਾਗੂ ਕਰਨ ਦੀ ਵਕਾਲਤ ਕਰਨ ਲਈ ਜ਼ਰੂਰੀ ਹਨ। ਉਹਨਾਂ ਦੇ ਯਤਨ ਸਿਰਫ  ਨਸਲਵਾਦ ਵਿਰੋਧੀ ਕਾਰਗਰ ਕਾਨੂੰਨ ਨੂੰ ਘੜਨ ਦੇ ਫੌਰੀ ਟੀਚੇ ਵਿੱਚ ਹੀ ਯੋਗਦਾਨ ਨਹੀਂ ਪਾਉਂਦੇ, ਸਗੋਂ ਬੀ ਸੀ ਵਿੱਚ ਸਾਰਿਆਂ ਨੂੰ ਸ਼ਾਂਮਲ ਕਰਨ ਵਾਲਾ ਅਤੇ ਨਿਆਂਇਕ ਸਮਾਜ ਬਣਾਉਣ ਦੇ ਵਡੇਰੇ ਉਦੇਸ਼ ਵਿੱਚ ਵੀ ਯੋਗਦਾਨ ਪਾਉਂਦੇ ਹਨ।  


ਸਰਬਵਿਆਪੀ ਵਿਸ਼ੇ (ਯੂਨੀਵਰਸਲ ਥੀਮ)  

ਕਮਿਊਨਿਟੀ ਦੀ ਅਗਵਾਈ ਵਾਲੇ ਸਲਾਹ-ਮਸ਼ਵਰੇ ਨੇ ਤਿੰਨ ਸਰਬਵਿਆਪੀ ਵਿਸ਼ਿਆਂ ਨੂੰ ਉਜਾਗਰ ਕੀਤਾ। ਇਹਨਾਂ ਵਿਸ਼ਿਆਂ ਵਿੱਚ ਕਈ ਸੈਕਟਰਾਂ ਵਿੱਚ ਧਿਆਨ ਕੇਂਦਰਿਤ ਕਰਨ ਲਈ ਅੰਤਰ-ਸੰਬੰਧਿਤ ਖੇਤਰ ਸਾਹਮਣੇ ਆਏ, ਜਿਹਨਾਂ ਵਿੱਚ ਕੇ-12 ਤੱਕ ਦੀ ਪੜ੍ਹਾਈ, ਸਿਹਤ-ਸੰਭਾਲ, ਕਾਨੂੰਨਾਂ ਦੀ ਤਾਮੀਲ ਅਤੇ ਰੁਜ਼ਗਾਰ ਸ਼ਾਮਲ ਹਨ। 

ਢਾਂਚਾਗਤ ਨਸਲਵਾਦ ਵਿਰੋਧੀ ਲੜਾਈ ਲਈ ਸਿੱਖਿਆ ਦਾ ਇਕ ਵਿਸਤ੍ਰਿਤ ਫਰੇਮਵਰਕ ਜ਼ਰੂਰੀ ਹੈ, ਜੋ ਕੇ-12 ਤੋਂ ਸ਼ੁਰੂ ਹੁੰਦਾ ਹੋਵੇ। ਸ਼ਾਮਲ ਹੋਣ ਵਾਲਿਆਂ ਨੇ ਨੌਜਵਾਨ ਲੋਕਾਂ ਨੂੰ ਕੈਨੇਡਾ ਵਿੱਚ ਨਸਲਵਾਦ ਦੇ ਇਤਿਹਾਸ ਬਾਰੇ ਸਿੱਖਿਅਤ ਕਰਨ ਦੀ ਮਹੱਤਤਾ ਅਤੇ ਹਮਦਰਦੀ ਅਤੇ ਸੂਝ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਬਾਰੇ ਜਨਤਕ ਮੁਹਿੰਮਾਂ ਦੀ ਲੋੜ `ਤੇ ਜ਼ੋਰ ਦਿੱਤਾ। ਇਹਨਾਂ ਉੱਦਮਾਂ ਨੂੰ ਭਾਈਚਾਰਿਆਂ ਵਿਚਕਾਰ ਪਾੜਾ ਦੂਰ ਕਰਨ ਅਤੇ ਮਲਟੀਕਲਚਰਲਿਜ਼ਮ ਅਤੇ ਨਸਲਵਾਦ-ਵਿਰੋਧੀ ਅਮਲਾਂ ਦੀ ਕਾਰਗਰਤਾ ਵਧਾਉਣ ਲਈ ਇਕ ਬੁਨਿਆਦ ਵਜੋਂ ਦੇਖਿਆ ਗਿਆ। ਇਸ ਦੇ ਨਾਲ ਹੀ ਟੀਚਰਾਂ, ਸਿਹਤ ਸੰਭਾਲ ਨਾਲ ਸੰਬੰਧਿਤ ਵਰਕਰਾਂ, ਅਤੇ ਕਾਨੂੰਨ ਦੀ ਤਾਮੀਲ ਕਰਵਾਉਣ ਵਾਲੇ ਅਧਿਕਾਰੀਆਂ ਸਮੇਤ ਪਬਲਿਕ ਸੇਵਾਵਾਂ ਵਿੱਚ ਕੰਮ ਕਰਦੇ ਪੇਸ਼ਾਵਰਾਂ ਲਈ ਨਸਲਵਾਦ-ਵਿਰੋਧੀ ਟ੍ਰੇਨਿੰਗ ਅਤੇ ਸਭਿਆਚਾਰ ਬਾਰੇ ਜਾਣਕਾਰੀ ਦੀਆਂ ਵਰਕਸ਼ਾਪਾਂ ਲੈਣਾਂ ਜ਼ਰੂਰੀ ਬਣਾਉਣ ਬਾਰੇ ਵੀ ਕਿਹਾ ਗਿਆ।  

ਵਿਚਾਰ ਵਟਾਂਦਰੇ ਵਿੱਚ ਸਿੱਖਿਆ ਅਤੇ ਕੰਮ ਵਾਲੀਆਂ ਥਾਂਵਾਂ ਸਮੇਤ ਕਈ ਹੋਰ ਸੈਕਟਰਾਂ ਵਿੱਚ ਨਸਲੀ ਪੱਖਪਾਤਾਂ ਅਤੇ ਵਿਤਕਰੇ ਨਾਲ ਨਿਪਟਣ ਲਈ ਜਵਾਬਦੇਹੀ ਦੇ ਸਾਧਨਾਂ ਦੀ ਲੋੜ ਨੂੰ ਵੀ ਉਜਾਗਰ ਕੀਤਾ ਗਿਆ। ਜਵਾਬਦੇਹੀ ਦੇ ਸਪਸ਼ਟ ਅਮਲਾਂ ਨੂੰ ਸਥਾਪਤ ਕਰਨ ਨੂੰ ਨਸਲਵਾਦ ਕਾਰਨ ਹੋਣ ਵਾਲੇ ਨੁਕਸਾਨ ਨੂੰ ਸਵੀਕਾਰ ਕਰਨ ਅਤੇ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀ ਰੋਕਥਾਮ ਕਰਨ ਲਈ ਜ਼ਰੂਰੀ ਸਮਝਿਆ ਗਿਆ। ਇਸ ਵਿੱਚ ਪਾਰਦਰਸ਼ਤਾ ਵਾਲੀ ਰਿਪੋਰਟਿੰਗ, ਆਜ਼ਾਦ ਮੁੱਲਾਂਕਣ ਅਤੇ ਨਸਲਵਾਦ-ਵਿਰੋਧੀ ਨੀਤੀਆਂ ਦੀ ਉਲੰਘਣਾ ਕਰਨ ਦੇ ਨਤੀਜੇ ਸ਼ਾਮਲ ਸਨ। 

ਸਲਾਹ ਮਸ਼ਵਰੇ ਦੇ ਅਮਲ ਨੇ ਉਜਾਗਰ ਕੀਤਾ ਕਿ ਮਲਟੀਕਲਚਰਲਿਜ਼ਮ ਅਤੇ ਨਸਲਵਾਦ ਦਾ ਵਿਰੋਧ ਵੱਖਰੇ ਵੱਖਰੇ ਸੰਕਲਪ ਹੁੰਦਿਆਂ ਹੋਇਆਂ ਇਕ ਦੂਸਰੇ ਨਾਲ ਜੁੜੇ ਹੋਏ ਹਨ ਅਤੇ ਉਹ ਇਕ ਦੂਜੇ ਦੇ ਸਹਾਇਕ ਹੋ ਸਕਦੇ ਹਨ। ਵੰਨ-ਸੁਵੰਨਤਾ ਅਤੇ ਸਭਿਆਚਾਰਕ ਅਦਾਨ-ਪ੍ਰਦਾਨ ਕਰਨ ਲਈ ਮਲਟੀਕਲਚਰਲਿਜ਼ਮ ਨੂੰ ਸਲਾਹਿਆ ਗਿਆ, ਪਰ ਇਸ ਨੂੰ ਨਸਲਵਾਦ ਵਿਰੋਧੀ ਨਜ਼ਰ ਤੋਂ ਬਿਨਾਂ ਚਿੰਨ-ਮਾਤਰ ਸਮਝੇ ਜਾਣ ਦਾ ਖਤਰਾ ਵੀ ਪੈਦਾ ਹੋ ਗਿਆ ਸੀ। ਇਸ ਦੇ ਉਲਟ ਨਸਲਵਾਦ ਦੇ ਵਿਰੋਧ ਨੂੰ ਰੁਕਾਵਟਾਂ ਨਾਲ ਨਜਿੱਠਣ ਲਈ ਇਕ ਪਹਿਲ ਕਦਮੀ ਵਾਲੀ ਅਤੇ ਢਾਂਚਾਗਤ ਪਹੁੰਚ ਸਮਝਿਆ ਗਿਆ, ਪਰ ਇਸ ਦੇ ਨਾਲ ਹੀ ਬਹੁਤੀ ਵਾਰ ਇਸ ਨੂੰ ਭੜਕਾਊ ਅਤੇ ਹਮਲਾਵਾਰ ਵੀ ਮੰਨਿਆ ਗਿਆ। ਸ਼ਾਮਲ ਹੋਣ ਵਾਲਿਆਂ ਨੇ   ਸਾਰਿਆਂ ਦੀ ਸ਼ਮੂਲੀਅਤ ਵਾਲੇ ਅਤੇ ਨਿਆਂਇਕ ਸਮਾਜ ਦੀ ਉਸਾਰੀ ਲਈ ਇਹਨਾਂ ਪਹੁੰਚਾਂ ਦੇ ਮਿਲਾਪ ਨੂੰ ਜ਼ਰੂਰੀ ਸਮਝਿਆ, ਅਤੇ ਇਹ ਮੰਨਿਆ ਕਿ ਇਹ ਇਕ ਲਗਾਤਾਰ ਕੀਤਾ ਜਾਣ ਵਾਲਾ ਯਤਨ ਹੈ ਅਤੇ ਸਾਰਿਆਂ ਦੀ ਸਾਂਝੀ ਜਿ਼ੰਮੇਵਾਰੀ ਹੈ। 

ਇਹਨਾਂ ਵਿਸ਼ਿਆਂ ਨੇ  ਢਾਂਚਾਗਤ ਨਸਲਵਾਦ ਨਾਲ ਨਿਪਟਣ ਦੀ ਜਟਿਲਤਾ ਅਤੇ ਇਸ ਨਾਲ ਨਿਪਟਣ ਲਈ ਬਹੁ-ਪੱਖੀ ਪਹੁੰਚ ਦੀ ਲੋੜ ਵੱਲ ਧਿਆਨ ਦਿਵਾਇਆ। ਸਿੱਖਿਆ ਵਿੱਚ ਸੁਧਾਰ, ਖਾਸ ਕਰਕੇ ਕੇ-12 ਦੇ ਸਿਸਟਮ ਵਿਚਲੇ ਸੁਧਾਰ, ਨੂੰ ਲੰਮੇ ਸਮੇਂ ਦੀ ਤਬਦੀਲੀ ਲਈ ਇਕ ਮਹੱਤਵਪੂਰਨ ਆਧਾਰ  ਵਜੋਂ ਦੇਖਿਆ ਗਿਆ। ਇਹ ਵੀ ਨਿਸ਼ਾਨਦੇਹੀ ਕੀਤੀ ਗਈ ਕਿ ਨਿਆਂਇਕ ਸੇਵਾਵਾਂ ਅਤੇ ਢਾਂਚਾਗਤ ਨਸਲਵਾਦ ਦੇ ਚਰਿੱਤਰ ਨਾਲ ਨਿਪਟਣ ਲਈ ਸਿਹਤ-ਸੰਭਾਲ, ਕਾਨੂੰਨ ਦੀ ਤਾਮੀਲ ਅਤੇ ਰੁਜ਼ਗਾਰ ਦੇ ਸੈਕਟਰਾਂ ਵਿੱਚ ਵੀ ਵੱਡੇ ਸੁਧਾਰ ਦੀ ਲੋੜ ਹੈ। ਇਸ ਤਰ੍ਹਾਂ ਸਲਾਹ ਮਸ਼ਵਰੇ ਦੇ ਅਮਲ ਨੇ ਢਾਂਚਾਗਤ ਨਸਲਵਦ ਨਾਲ ਕਾਰਗਰ ਢੰਗ ਨਾਲ ਨਿਪਟਣ ਲਈ ਇਕ ਅਜਿਹੀ ਵਿਸਤ੍ਰਿਤ ਰਣਨੀਤੀ ਲਈ ਸਟੇਜ ਤਿਆਰ ਕੀਤੀ ਜਿਹੜੀ ਸਿੱਖਿਆ ਵਿੱਚ ਸੁਧਾਰ, ਜਵਾਬਦੇਹੀ ਦੇ ਢੰਗਾਂ ਅਤੇ ਮਲਟੀਕਲਚਰਲਿਜ਼ਮ ਅਤੇ ਨਸਲਵਾਦ ਦੇ ਵਿਰੋਧ ਦੇ ਏਕੀਕਰਨ ਦਾ ਸੁਮੇਲ ਹੋਵੇ। 

ਵਿਲੱਖਣ ਵਿਸ਼ੇ 

ਸਲਾਹ-ਮਸ਼ਵਰੇ ਦੇ ਅਮਲ ਦੌਰਾਨ, ਇਹ ਗੱਲ ਸਪਸ਼ਟ ਹੋ ਗਈ ਕਿ ਵੱਖ ਵੱਖ ਭਾਈਚਾਰਿਆਂ ਦੇ ਨਾਲ ਸੰਬੰਧਿਤ ਸਰੋਕਾਰਾਂ ਨੂੰ ਸਮਝਣਾ ਨਸਲਵਾਦ ਦੀ ਬਹੁਪੱਖੀ ਅਸਲੀਅਤ ਨੂੰ ਸਮਝਣ ਲਈ ਜ਼ਰੂਰੀ ਹੈ। ਹੇਠਾਂ ਦਿੱਤੇ ਵਿਲਖਣ ਵਿਸ਼ੇ ਇਸ ਅਸਲੀਅਤ ਦੀ ਉਦਾਹਰਨ ਹਨ ਕਿ ਵੱਖ ਵੱਖ ਹਾਸ਼ੀਆਗ੍ਰਸਤ ਭਾਈਚਾਰਿਆਂ ਦਾ ਨਸਲਵਾਦ ਨਾਲ ਸੰਬੰਧਿਤ ਤਜਰਬਾ ਇਕੋ ਜਿਹਾ ਨਹੀਂ ਹੈ ਅਤੇ ਇਹ ਉਹਨਾਂ ਦੀਆਂ ਸਥਿਤੀਆਂ `ਤੇ ਆਧਾਰਤ ਸੂਖਮ ਪ੍ਰਤੀਕਰਮਾਂ ਦੀ ਲੋੜ ਦੀ ਮਹੱਤਤਾ ਨੂੰ ਉਭਾਰਦੇ ਹਨ।    

ਅਫਰੀਕਨ ਡਾਇਸਪੋਰਾ ਦੇ ਭਾਈਚਾਰਿਆਂ ਅਤੇ ਬਲੈਕ ਕੈਨੇਡੀਅਨ ਨੇ ਨਸਲਵਾਦ ਦੇ ਵਿਰੋਧ ਵਿੱਚ ਮਿੱਥ ਕੇ ਕੀਤੇ ਅਜਿਹੇ ਉੱਦਮਾਂ ਦੀ ਲੋੜ `ਤੇ ਜ਼ੋਰ ਦਿੱਤਾ ਜੋ ਕਾਲੇ ਲੋਕਾਂ ਵਿਰੁੱਧ ਹੁੰਦੇ ਨਸਲਵਾਦ ਦੇ ਵਿਲੱਖਣ  ਚਰਿਤਰ ਅਤੇ ਨਸਲੀ ਵਿਤਕਰੇ ਦੇ ਹੋਰ ਰੂਪਾਂ ਨਾਲ ਇਸ ਦੇ ਸੰਬੰਧ ਨੂੰ ਪਹਿਚਾਣਦੇ ਹੋਣ। ਧਿਆਨ ਦੇਣ ਦੀ ਮੰਗ ਕਰਦੇ ਮੁੱਖ ਖੇਤਰਾਂ ਵਿੱਚ ਸ਼ਾਮਲ ਸਨ ਸਭਿਆਚਾਰਕ ਤੌਰ `ਤੇ ਸੰਵੇਦਨਸ਼ੀਲ ਰਾਜ਼ੀ ਹੋਣ ਦੀਆਂ ਸੇਵਾਵਾਂ, ਕਾਲੇ ਲੋਕਾਂ ਦੇ ਇਤਿਹਾਸ ਅਤੇ ਸਭਿਆਚਾਰ ਦੀ ਦਰੁੱਸਤੀ ਅਤੇ ਜਨਤਕ  ਜ਼ਿੰਦਗੀ ਵਿੱਚ ਸ਼ਮੂਲੀਅਤ। ਕਮਿਊਨਿਟੀ ਨੇ ਸਰਕਾਰ ਦੀ ਜਵਾਬਦੇਹੀ ਦੀ ਮਹੱਤਤਾ, ਖਾਸ ਕਰਕੇ ਕਾਨੂੰਨ ਦੀ ਤਾਮੀਲ ਨਾਲ ਸੰਬੰਧਿਤ ਕਾਰਜਾਂ ਵਿੱਚ, `ਤੇ ਜ਼ੋਰ ਦਿੰਦਿਆਂ ਸਰਕਾਰ ਨਾਲ ਸਿੱਧੀ ਗੱਲਬਾਤ ਅਤੇ ਫੈਸਲੇ ਬਣਾਉਣ ਵਿੱਚ ਨੁਮਾਇੰਦਗੀ ਦੀ ਮੰਗ ਕੀਤੀ।  

ਏਸ਼ੀਅਨ ਡਾਇਆਸਪੋਰਾ ਨੇ ਭਾਸ਼ਾ ਨਾਲ ਸੰਬੰਧਿਤ ਰੁਕਾਵਟਾਂ ਅਤੇ ਏਸ਼ੀਅਨ-ਵਿਰੋਧੀ ਹਿੰਸਾ ਵਿੱਚ ਵਾਧੇ ਨੂੰ ਮੁੱਖ ਸਰੋਕਾਰਾਂ ਵਜੋਂ ਉਭਾਰਿਆ। ਉਹਨਾਂ ਨੇ ਬਹੁ-ਭਾਸ਼ਾਵਾਂ ਵਿੱਚ ਸਹਾਇਤਾ ਦੀਆਂ ਸੇਵਾਵਾਂ ਅਤੇ ਵਿਤਕਰੇ ਦਾ ਵਿਰੋਧ ਕਰਨ ਅਤੇ ਪੂਰਵਧਾਰਨਾਵਾਂ (ਸਟੀਰੀEਟਾਇਪਸ) ਨੂੰ ਦੂਰ ਕਰਨ ਨਾਲ ਸੰਬੰਧਿਤ ਉੱਦਮਾਂ ਦੀ ਲੋੜ ਬਾਰੇ ਗੱਲ ਕੀਤੀ। ਰੰਗਦਾਰ ਇੰਮੀਗ੍ਰੈਂਟਾਂ ਦੇ ਤਜਰਬਿਆਂ ਮੁਤਾਬਕ ਮਾਨਸਿਕ ਸਮਰਥਨ ਅਤੇ ਨਵੇਂ ਇੰਮੀਗ੍ਰੈਂਟਾਂ ਦਰਮਿਆਨ ਡਰ ਅਤੇ ਸਵੈ-ਸੈਂਸਰਸਿ਼ੱਪ ਨਾਲ ਨਿਪਟਣ ਦੇ ਜ਼ਰੂਰੀ ਮਾਮਲਿਆਂ ਦੀ ਵੀ ਨਿਸ਼ਾਨਦੇਹੀ ਕੀਤੀ ਗਈ।  

ਦੱਖਣੀ ਅਤੇ ਪੱਛਮੀ ਏਸ਼ੀਅਨ ਭਾਈਚਾਰਿਆਂ ਲਈ ਭਾਸ਼ਾ ਦੀਆਂ ਰੁਕਾਵਟਾਂ, ਵਿਦੇਸ਼ੀ ਯੋਗਤਾਵਾਂ ਦੀ ਪ੍ਰਮਾਣਿਕਤਾ ਅਤੇ ਅੰਤਰ-ਪੀੜੀ ਸਮਰਥਨ ਮਹੱਤਵਪੂਰਨ ਥੀਮ ਸਨ। ਭਾਈਚਾਰਿਆਂ ਵਿਚਕਾਰ ਅੰਤਰ ਸਮਝ ਅਤੇ ਪਰਸਪਰ ਸਤਿਕਾਰ ਨੂੰ ਉਤਸ਼ਾਹ ਦੇਣ ਲਈ ਵੱਡੀ ਪੱਧਰ `ਤੇ ਸਿੱਖਿਆ ਦੀ ਲੋੜ `ਤੇ ਜ਼ੋਰ ਦਿੰਦਿਆਂ ਮਾਡਲ ਘੱਟ ਗਿਣਤੀ ਦੀਆਂ ਪੂਰਵਧਾਰਨਾਵਾਂ (ਸਟੀਰੀਓਟਾਇਪਸ) ਅਤੇ ਰੰਗਦਾਰ ਭਾਈਚਾਰਿਆਂ ਵਿੱਚਕਾਰ ਅੰਦਰੂਨੀ ਪੱਖਪਾਤਾਂ ਦੀਆਂ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਗਈ।  

ਇਨਡਿਜਨਿਸ ਭਾਈਚਾਰਿਆਂ ਨੇ ਇਨਡਿਜੀਨਸ ਨੇਸ਼ਨਾਂ ਨੂੰ ਆਪਣੇ ਸਿਸਟਮਾਂ ਦੀ ਅਗਵਾਈ ਕਰਨ ਦੇ ਸਮਰੱਥ ਬਣਾਉਣ ਅਤੇ ਸਿਹਤ ਸੰਭਾਲ ਅਤੇ ਫੌਜਦਾਰੀ ਨਿਆਂ ਵਰਗੇ ਖੇਤਰਾਂ ਵਿੱਚ ਨਸਲਵਾਦ ਲਈ ਠੋਸ ਨਤੀਜਿਆਂ ਨਾਲ ਜਵਾਬਦੇਹੀ ਨੂੰ ਯਕੀਨੀ ਬਣਾਉਣ `ਤੇ ਧਿਆਨ ਕੇਂਦਰਿਤ ਕੀਤਾ। ਸਭਿਆਚਾਰਕ ਤੌਰ `ਤੇ ਸੰਵੇਦਨਸ਼ੀਲ ਸਿਹਤ-ਸੰਭਾਲ ਅਤੇ ਸਿਹਤ ਸੰਭਾਲ ਨਾਲ ਸੰਬੰਧਿਤ ਰਾਜ਼ੀ ਹੋਣ ਦੇ ਰਵਾਇਤੀ ਅਮਲਾਂ, ਦੇ ਨਾਲ ਨਾਲ ਫੌਜਦਾਰੀ ਨਿਆਂ ਪ੍ਰਬੰਧ ਵਿੱਚ ਸੁਧਾਰ, ਵੀ ਪ੍ਰਮੱਖ ਮਾਮਲਿਆਂ ਵਜੋਂ ਸਾਹਮਣੇ ਆਏ। 

ਬ੍ਰਿਟਿਸ਼ ਕੋਲੰਬੀਆਂ ਵਿਚਲੇ ਸਕੂਲ ਜਾਣ ਦੀ ਉਮਰਾਂ ਦੇ ਯੁਵਕਾਂ ਨੇ ਅਜਿਹੇ ਕੇ-12 ਪਾਠਕ੍ਰਮ ਲਈ ਜ਼ੋਰ ਨਾਲ ਵਕਾਲਤ ਕੀਤੀ ਜਿਹੜਾ ਨਸਲਵਾਦ ਅਤੇ ਵਿਤਕਰੇ ਨਾਲ ਸਿੱਧੇ ਤੌਰ `ਤੇ ਨਿਪਟਦਾ ਹੋਵੇ; ਉਹਨਾਂ ਨੇ ਪੜ੍ਹਾਉਣ ਵਾਲਿਆਂ ਲਈ ਸਭਿਆਚਾਰਕ ਸੰਵੇਦਨਸ਼ੀਲਤਾ ਅਤੇ ਨਸਲਵਾਦ ਦੇ ਵਿਰੋਧ ਵਿੱਚ ਸਿਖਲਾਈ ਬਾਰੇ ਵੀ ਗੱਲ ਕੀਤੀ।  ਸਭਿਆਚਾਰਕ ਤਬਾਦਲੇ (ਕਲਚਰਲ ਐਕਸਚੇਂਜ) ਦੇ ਪ੍ਰੋਗਰਾਮਾਂ ਅਤੇ ਇੰਮੀਗ੍ਰੈਂਟਾਂ ਦੇ ਬੱਚਿਆਂ ਲਈ ਨਿਆਂਇਕ ਨੀਤੀਆਂ ਦੀ ਲੋੜ ਦੇ ਨਾਲ ਨਾਲ ਸਕੂਲ ਸਿਸਟਮ ਵਿਚ ਸਭ ਦੀ ਸ਼ਮੂਲੀਅਤ ਅਤੇ ਵੰਨ-ਸੁਵੰਨੀ ਨੁਮਾਇੰਦਗੀ ਦੀ ਮਹੱਤਤਾ ਨੂੰ ਵੀ ਸਾਹਮਣੇ ਲਿਆਂਦਾ ਗਿਆ। 

ਯੂਨੀਵਰਸਿਟੀ ਵਿੱਚ ਜਾਣ ਦੀ ਉਮਰ ਦੇ ਵਿਦਿਆਰਥੀਆਂ, ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ, ਨੇ ਅਕਾਦਮਿਕ ਮਾਹੌਲ ਵਿੱਚ ਨਸਲੀ ਪੱਖਪਾਤਾਂ ਬਾਰੇ ਫਿਕਰ ਜ਼ਾਹਰ ਕੀਤੇ, ਜਿਹਨਾਂ ਵਿੱਚ ਭਾਸ਼ਾ ਨਾਲ ਸੰਬੰਧਿਤ ਵਿਤਕਰਾ ਅਤੇ ਨਸਲੀ ਘਟਨਾਵਾਂ ਬਾਰੇ ਰਿਪੋਰਟ ਕਰਨ ਕਾਰਨ ਬਦਲਾ ਲਊ ਕਾਰਵਾਈਆਂ ਦਾ ਡਰ ਵੀ ਸ਼ਾਮਲ ਸੀ। ਉਹਨਾਂ ਨੇ ਟਿਊਸ਼ਨ ਨਾਲ ਸੰਬੰਧਿਤ ਉਚਿਤ ਨੀਤੀਆਂ ਅਤੇ ਨਸਲਵਾਦ ਨਾਲ ਨਿਪਟਣ ਲਈ ਸੁਧਰੇ ਢੰਗਾਂ ਸਮੇਤ ਢਾਂਚਾਗਤ ਪੱਧਰ `ਤੇ ਵਡੇਰੇ ਸਮਰਥਨ `ਤੇ ਵੀ ਜ਼ੋਰ ਦਿੱਤਾ।  

ਪੇਂਡੂ ਇਲਾਕਿਆਂ ਵਿੱਚ, ਟ੍ਰਾਂਸਪੋਰਟੇਸ਼ਨ, ਬੁਨਿਆਦੀ ਢਾਂਚੇ ਨਾਲ ਸੰਬੰਧਿਤ ਚੁਣੌਤੀਆਂ, ਸਥਾਨਕ ਕਾਰੋਬਾਰਾਂ ਦੀ ਭੂਮਿਕਾ ਅਤੇ ਜ਼ਿਆਦਾ ਪ੍ਰਤੱਖ ਨਸਲਵਾਦ ਮੁੱਖ ਮਸਲੇ ਸਨ। ਨਿਆਂ ਅਤੇ ਸਭ ਦੀ ਸ਼ਮੂਲੀਅਤ ਲਈ ਜ਼ਰੂਰੀ ਕਦਮਾਂ ਦੇ ਤੌਰ `ਤੇ ਟ੍ਰਾਂਸਪੋਰਟੇਸ਼ਨ ਵਿੱਚ ਸੁਧਾਰ, ਜ਼ਰੂਰੀ ਸੇਵਾਵਾਂ ਤੱਕ ਪਹੁੰਚ ਅਤੇ ਬਸਤੀਵਾਦ ਦੇ ਇਤਿਹਾਸ ਬਾਰੇ ਸਿੱਖਿਆ ਦੀ ਨਿਸ਼ਾਨਦੇਹੀ ਕੀਤੀ ਗਈ। 

 ਨਸਲ, ਜਾਤੀ ਅਤੇ ਧਰਮ ਦੇ ਮੇਲ ਕਾਰਨ ਵਿਸ਼ਵਾਸ ਆਧਾਰਤ ਭਾਈਚਾਰਿਆਂ ਨੂੰ ਬਹੁ-ਪਰਤੀ ਰੁਕਾਵਾਟਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਸਭ ਨੂੰ ਸ਼ਾਮਲ ਕਰਨ ਵਾਲੀਆਂ ਧਾਰਮਿਕ ਨੀਤੀਆਂ, ਮੀਡੀਏ ਵਿੱਚ ਹਾਂ-ਪੱਖੀ ਪ੍ਰਤੀਨਿਧਤਾ ਅਤੇ ਸਮਾਜਕ ਨਿਯਮਾਂ ਨੂੰ ਵਿਚਾਰਨ ਦੀ ਲੋੜ `ਤੇ ਜ਼ੋਰ ਦਿੱਤਾ। ਦਿਖਾਈ ਦਿੰਦੇ ਧਾਰਮਕ ਪਹਿਰਾਵੇ ਵਿਰੁੱਧ ਵਿਤਕਰਾ ਅਤੇ ਕਈ ਤਰਾਂ ਦੀਆਂ ਧਾਰਮਿਕ ਰਹੁ-ਰੀਤਾਂ ਦੀ ਹਾਂ-ਪੱਖੀ ਪੇਸ਼ਕਾਰੀ ਦੀ ਘਾਟ ਵੀ ਮਹੱਤਵਪੂਰਨ ਸਰੋਕਾਰਾਂ ਵਜੋਂ ਸਾਹਮਣੇ ਆਏ। 

ਵੰਨ-ਸੁਵੰਨੇ ਤਜਰਬੇ ਇਹ ਗੱਲ ਸਾਹਮਣੇ ਲਿਆਉਂਦੇ ਹਨ ਕਿ ਨਸਲਵਾਦ ਨਾਲ ਨਿਪਟਣ ਲਈ ਕੋਈ ਇਕ ਪਹੁੰਚ ਨਹੀਂ ਹੈ ਜੋ ਸਾਰਿਆਂ ਲਈ ਸਹੀ ਹੋਵੇ। ਨਸਲਵਾਦ ਨਾਲ ਹਰ ਭਾਈਚਾਰੇ ਦਾ ਵਿਲੱਖਣ ਤਜਰਬਾ, ਖਾਸ ਜਾਣਕਾਰੀ ਆਧਾਰਤ ਅਜਿਹੇ ਐਕਸ਼ਨਾਂ ਦੀ ਮੰਗ ਕਰਦਾ ਹੈ ਜਿਹੜੇ ਨਸਲੀ ਵਿਤਕਰੇ ਦੇ ਵੱਖ ਵੱਖ ਤਰ੍ਹਾਂ ਦੇ ਰੂਪਾਂ ਨੂੰ ਸਵੀਕਾਰ ਕਰਦੇ ਹੋਣ ਅਤੇ ਉਹਨਾਂ ਨੂੰ ਸੰਬੋਧਨ ਹੁੰਦੇ ਹੋਣ। ਸਭ ਨੂੰ ਸ਼ਾਮਲ ਕਰਨ ਵਾਲੀਆਂ ਅਤੇ ਬ੍ਰਿਟਿਸ਼ ਕੋਲੰਬੀਆ ਵਿਚਲੇ ਇਨਡਿਜਨਿਸ ਅਤੇ ਹੋਰ ਰੰਗਦਾਰ ਭਾਈਚਾਰਿਆਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲੀਆਂ ਨਸਲਵਾਦ ਵਿਰੋਧੀ ਕਾਗਗਰ ਕਾਰਜਨੀਤੀਆਂ ਅਤੇ ਪਾਲਸੀਆਂ ਤਿਆਰ ਕਰਨ ਲਈ ਇਸ ਸੂਖਮ ਸਮਝ ਦਾ ਹੋਣਾ ਜ਼ਰੂਰੀ ਹੈ। 


ਸਿੱਟਾ 

ਬ੍ਰਿਟਿਸ਼ ਕੋਲੰਬੀਆ ਵਿਚਲੇ ਕਮਿਊਨਿਟੀਆਂ ਦੀ ਅਗਵਾਈ ਵਾਲੇ ਸਲਾਹ-ਮਸ਼ਵਰੇ ਦੇ ਅਮਲ ਨੇ ਅਸਰਦਾਇਕ ਨਸਲ-ਵਿਰੋਧੀ ਕਾਨੂੰਨ ਨੂੰ ਘੜਨ ਵਿੱਚ ਕਮਿਊਨਿਟੀ ਸੰਸਥਾਂਵਾਂ ਦੀ ਜ਼ਰੂਰੀ ਭੂਮਿਕਾ ਨੂੰ ਸਾਹਮਣੇ ਲਿਆਂਦਾ ਹੈ। ਉਹਨਾਂ ਦੇ ਡੂੰਘੇ ਸੰਬੰਧ ਅਤੇ ਵੱਖ ਵੱਖ ਭਾਈਚਾਰਿਆਂ ਦੇ ਨਸਲਵਾਦ ਨਾਲ ਸੰਬੰਧਿਤ ਵਿਲੱਖਣ ਅਤੇ ਸਰਬਵਿਆਪਕ ਤਜਰਬਿਆਂ ਬਾਰੇ ਉਹਨਾਂ ਦੀ ਵਿਸਤ੍ਰਿਤ ਸਮਝ ਨੇ ਮਹੱਤਵਪੂਰਨ ਸੂਝ ਪ੍ਰਦਾਨ ਕੀਤੀ। ਇਹਨਾਂ ਵੰਨ-ਸੁਵੰਨੇ ਦ੍ਰਿਸ਼ਟੀਕੋਨਾਂ ਨੂੰ ਮਿਲਾ ਕੇ, ਅਮਲ ਨੇ ਢਾਂਚਾਗਤ ਨਸਲਵਾਦ ਦੇ ਬਹੁ-ਪੱਖੀ ਚਰਿਤਰ ਨੂੰ ਸਵੀਕਾਰ ਕੀਤਾ। ਇਸ ਨੇ ਇਹ ਵੀ ਯਕੀਨੀ ਬਣਾਇਆ ਕਿ ਕਾਨੂੰਨ ਨੂੰ ਵੱਖ ਵੱਖ ਗਰੁੱਪਾਂ ਦੇ ਦਰਪੇਸ਼ ਆਮ ਅਤੇ ਵਿਲੱਖਣ ਚੁਣੌਤੀਆਂ ਅਨੁਸਾਰ ਤਿਆਰ ਕੀਤਾ ਜਾ ਸਕਦਾ ਹੈ। ਮਿਲ ਕੇ ਕੰਮ ਕਰਨ ਵਾਲੀ ਅਤੇ ਸਭ ਨੂੰ ਸ਼ਾਮਲ ਕਰਨ ਵਾਲੀ ਇਸ ਪਹੁੰਚ ਨੇ ਅਜਿਹਾ ਕਾਨੂੰਨ ਤਿਆਰ ਕਰਨ ਦੀ ਮਿਸਾਲ ਕਾਇਮ ਕੀਤੀ ਹੈ ਜਿਹੜਾ ਕਾਨੂੰਨ ਇਕ ਨਿਆਂਇਕ ਅਤੇ ਸਭ ਨੂੰ ਸ਼ਾਮਲ ਕਰਨ ਵਾਲੇ ਸੂਬੇ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਭਾਈਚਾਰਿਆਂ ਦੀਆਂ ਲੋੜਾਂ ਦੀ ਪ੍ਰਤੀਨਿਧਤਾ ਕਰਦਾ ਹੈ।