ਨਸਲਵਾਦੀ ਵਿਰੋਧੀ ਕਾਨੂੰਨ ਬਾਰੇ ਜਨਤਕ ਪ੍ਰਸ਼ਨਾਵਲੀ ਬਾਰੇ ਰਿਪੋਰਟ 

ਸਾਰ 

Young professional man on his laptop

ਨਸਲਵਾਦ ਵਿਰੋਧੀ ਕਾਨੂੰਨ ਬਾਰੇ ਸਲਾਹ ਮਸ਼ਵਰਾ ਹੁਣੇ ਜਿਹੇ ਤਿਆਰ ਕੀਤੇ ਨਸਲਵਾਦ ਵਿਰੋਧੀ ਡੈਟਾ ਐਕਟ ਤੋਂ ਅਗਾਂਹ ਦਾ ਕਦਮ ਹੈ। 

ਇਸ ਦਾ ਟੀਚਾ ਢਾਂਚਾਗਤ ਨਸਲਵਾਦ ਨੂੰ ਖਤਮ ਕਰਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਇਨਡਿਜਨਿਸ ਅਤੇ ਰੰਗਦਾਰ ਲੋਕਾਂ ਨੂੰ ਪਹੁੰਚੇ ਨੁਕਸਾਨ ਨਾਲ ਨਿਪਟਣ ਲਈ ਸੂਬਾਈ ਸਰਕਾਰ ਦੇ ਯਤਨਾਂ ਲਈ ਜਾਣਕਾਰੀ ਪ੍ਰਦਾਨ ਕਰਨਾ ਹੈ। 

ਇਹਨਾਂ ਯਤਨਾਂ ਦਾ ਇਕ ਨਤੀਜਾ ਸੂਬੇ ਦੇ ਨਸਲਵਾਦ ਵਿਰੋਧੀ ਅਤੇ ਵਿਤਕਰੇ ਵਿਰੋਧੀ ਕਾਨੂੰਨਾਂ ਦੇ ਇਕ ਜੁੱਟ ਵਿੱਚ ਨਿਕਲੇਗਾ। 

ਸਲਾਹ ਮਸ਼ਵਰੇ ਵਿੱਚ ਕਮਿਊਨਿਟੀ ਦੀਆਂ 68 ਸੰਸਥਾਂਵਾਂ ਦੀ ਅਗਵਾਈ ਵਿੱਚ ਹੋਇਆ ਇਹ ਜਨਤਕ ਸਰਵੇ ਅਤੇ ਵਿਚਾਰ ਵਟਾਂਦਰਾ ਸ਼ਾਮਲ ਹਨ। ਮਨਿਸਟਰੀ ਆਫ ਅਟਾਨਰਨੀ ਜਨਰਲ ਵਲੋਂ ਹਾਇਰ ਕੀਤੇ ਠੇਕੇਦਾਰ ਕਲਚਰਅਲਾਈ ਨੇ ਕਮਿਊਨਿਟੀ ਵਿਚਲੇ ਉਹਨਾਂ ਵਿਚਾਰ ਵਟਾਂਦਰਿਆਂ ਦਾ ਸਾਰ ਇਕ ਵੱਖਰੀ ਰਿਪੋਰਟ ਵਿੱਚ ਦਿੱਤਾ ਹੈ। 

ਇਹ ਰਿਪੋਰਟ 5 ਜੂਨ 2023 ਤੋਂ ਲੈ ਕੇ 3 ਅਕਤਬੂਬਰ 2023 ਤੱਕ 15 ਬੋਲੀਆਂ ਵਿੱਚ ਆਨਲਾਈਨ ਉਪਲਬਧ ਜਨਤਕ ਸਰਵੇ ਦੀਆਂ ਲੱਭਤਾਂ ਦਾ ਸਾਰ ਪੇਸ਼ ਕਰਦੀ ਹੈ। ਇਸ ਸਰਵੇ ਵਿੱਚ ਕੁੱਲ 2179 ਜਵਾਬ ਇਕੱਤਰ ਕੀਤੇ ਗਏ ਸਨ। 

ਸਰਵੇ ਵਿੱਚ ਕੋਈ ਵੀ ਅਜਿਹਾ ਸਵਾਲ ਨਹੀਂ ਸੀ, ਜਿਸ ਦਾ ਜਵਾਬ ਦੇਣਾ ਜ਼ਰੂਰੀ ਹੋਵੇ ਅਤੇ ਇਸ ਵਿੱਚ ਸ਼ਾਮਲ ਸਵਾਲ ਇਸ ਪ੍ਰਕਾਰ ਸਨ: 

  • ਥੀਮਾਂ ਨਾਲ ਸੰਬੰਧਿਤ 10 ਸਵਾਲ 
  • ਜਵਾਬ ਦੇਣ ਵਾਲਿਆਂ ਦੇ ਆਪਣੇ ਸ਼ਬਦਾਂ ਵਿੱਚ ਉਹਨਾਂ ਦੀ ਰਾਇ ਇਕੱਤਰ ਕਰਨ ਲਈ ਕਈ ਓਪਨ ਇੰਡਿੰਡ ਸਵਾਲ (ਅਜਿਹੇ ਸਵਾਲ ਜਿਹਨਾਂ ਦਾ ਜਵਾਬ ਹਾਂ ਜਾਂ ਨਾਂਹ ਵਿੱਚ ਨਾ ਦਿੱਤਾ ਜਾ ਸਕੇ) 
  • ਲੋਕਾਂ ਦੇ ਪਿਛੋਕੜਾਂ ਬਾਰੇ 10 ਸਵਾਲ, ਜਿਹਨਾਂ ਵਿੱਚ “ਜਵਾਬ ਨਹੀਂ ਦੇਣਾ ਚਾਹੁੰਦਾ/ਚਾਹੁੰਦੀ” ਦੀ ਚੋਣ ਦਿੱਤੀ ਗਈ ਸੀ 

ਇਸ ਸਰਵੇ ਦੇ ਨਤੀਜਿਆਂ ਦੇ ਆਧਾਰ `ਤੇ, ਲੋਕਾਂ ਨੇ ਮਹਿਸੂਸ ਕੀਤਾ ਕਿ ਬੀ ਸੀ ਵਿੱਚ ਢਾਂਚਾਗਤ ਨਸਲਵਾਦ ਨਾਲ ਨਿਪਟਣ ਲਈ ਸੂਬਾਈ ਸਰਕਾਰ ਸਰਕਾਰੀ ਕਰਮਚਾਰੀਆਂ (ਪਬਲਿਕ ਸਰਵੈਂਟਸ) ਨੂੰ ਨਸਲਵਾਦ ਵਿਰੋਧੀ ਸਿੱਖਿਆ ਅਤੇ ਟ੍ਰੇਨਿੰਗ ਦੇਣ ਨੂੰ ਪਹਿਲ ਦੇਵੇ। ਇਸ ਹੀ ਤਰ੍ਹਾਂ ਐਕਸ਼ਨ ਲੈਣ ਲਈ ਉਪਰਲੇ ਤਿੰਨ ਲਿਖਤੀ ਸੁਝਾਅ ਸਨ: ਪਬਲਿਕ ਸਰਵਿਸ ਦੇ ਸਿਸਟਮ ਅਤੇ ਢਾਂਚੇ ਨਾਲ ਨਜਿੱਠਣਾ, ਕਮਿਊਨਿਟੀ ਨੂੰ ਦਿੱਤੀ ਜਾਂਦੀ ਸਹਾਇਤਾ ਵਿੱਚ ਸੁਧਾਰ ਕਰਨਾ ਅਤੇ ਉਸ ਲਈ ਫੰਡ ਦੇਣਾ, ਅਤੇ ਕੇ-12 ਨਾਲ ਸੰਬੰਧਿਤ ਨਸਲਵਾਦ ਵਿਰੋਧੀ ਸਿੱਖਿਆ ਵਿੱਚ ਵਾਧਾ ਕਰਨਾ। ਸਰਵੇ ਦੇ ਸਾਰੇ ਨਤੀਜਿਆਂ ਵਿੱਚ, ਸਾਰੇ ਪਿਛੋਕੜਾਂ ਦੇ ਲੋਕਾਂ ਵਿੱਚ ਢਾਂਚਾਗਤ ਨਸਲਵਾਦ ਅਤੇ ਨਸਲਵਾਦ ਕਾਰਨ ਸਦਮੇ ਤੋਂ ਇਨਕਾਰ ਕਰਨ ਦਾ ਇਕ ਇਕਸਾਰ ਥੀਮ ਸੀ। ਇਸ ਰਾਏ ਦੀ ਸਮੱਗਰੀ ਵਿੱਚ ਪ੍ਰਤੱਖ ਨਸਲਵਾਦੀ ਟਿੱਪਣੀਆਂ ਤੋਂ ਲੈ ਕੇ ਅਸਿੱਧਾ ਨਸਲਵਾਦ ਅਤੇ ਪੀੜਤ ਹੋਣ ਦੀ ਭਾਵਨਾ ਸ਼ਾਮਲ ਸੀ। ਹਰ ਇਕ ਸਵਾਲ ਵਿੱਚ ਇਨਕਾਰ ਕਰਨ ਦੇ ਥੀਮ ਬਾਰੇ ਗੱਲ ਕਰਨ ਦੀ ਥਾਂ, ਵਿਸ਼ਲੇਸ਼ਣ ਦਾ ਸਾਰ ਸ਼ਾਮਲ ਕੀਤਾ ਗਿਆ ਹੈ। 

ਢਾਂਚਾਗਤ ਨਸਲਵਾਦ ਦਾ ਸਿ਼ਕਾਰ ਹੋਏ ਲੋਕਾਂ ਲਈ ਉਪਲਬਧ ਸੇਵਾਵਾਂ ਵਿੱਚ 8-1-1 ਹੈਲਥ ਲਿੰਕ  ਬੀ ਸੀ ਜਾਂ 7-1-1 ਅਤੇ ਬੀ ਸੀ ਹਿਊਮਨ ਰਾਈਟਸ ਟ੍ਰਿਬਿਊਨਲ ਸਭ ਤੋਂ ਵੱਧ ਜਾਣੀਆਂ ਜਾਂਦੀਆਂ ਸੇਵਾਵਾਂ ਵਜੋਂ ਸ਼ਾਮਲ ਸਨ। ਜਵਾਬ ਦੇਣ ਵਾਲਿਆਂ ਨੇ ਕਮਿਊਨਿਟੀ ਵਿੱਚ ਸੇਵਾ ਪ੍ਰਦਾਨ ਕਰਨ ਵਾਲੀਆਂ ਹੋਰ ਥਾਂਵਾਂ ਬਾਰੇ ਵੀ ਦੱਸਿਆ ਜਿਵੇਂ ਫਰੈਂਡਸਿ਼ੱਪ ਸੈਂਟਰ, ਫਸਟ ਨੇਸ਼ਨਜ਼ ਹੈਲਥ ਅਥਾਰਟੀ ਅਤੇ ਰਿਜ਼ੀਲੀਐਂਸ ਬੀ ਸੀ। ਹੋਰ ਇਲਾਕਾਈ ਸੇਵਾਵਾਂ ਦਾ ਨਾਂ ਵੀ ਲਿਆ ਗਿਆ ਜਿਵੇਂ ਸਾਊਥ ਓਕਾਨਾਗਨ ਇੰਮੀਗ੍ਰੈਂਟ ਐਂਡ ਕਮਿਊਨਿਟੀ ਸਰਵਿਸਜ਼। ਜਵਾਬ ਦੇਣ ਵਾਲਿਆਂ ਨੇ ਸਮਰਥਨ ਦੀਆਂ ਸੇਵਾਵਾਂ ਤੱਕ ਪਹੁੰਚ ਕਰਦੇ ਵਕਤ ਸਭਿਆਚਾਰਕ ਸੁਰੱਖਿਆ, ਪ੍ਰਸੰਗਤਾ, ਭੇਤਦਾਰੀ, ਅਤੇ ਵਰਤਣ ਵਿੱਚ ਸੌਖ ਨੂੰ ਸਭ ਤੋਂ ਮਹੱਤਵਪੂਰਨ ਫੀਚਰ ਦੱਸਿਆ।  

ਧਰਮ ਨਾਲ ਸੰਬਧ ਰੱਖਣ ਬਾਰੇ ਦੱਸਣ ਵਾਲੇ ਜਵਾਬ ਦੇਣ ਵਾਲਿਆਂ ਲਈ ਸੇਵਾਵਾਂ ਵਿੱਚ ਤਾਲਮੇਲ ਸਭ ਤੋਂ ਮਹੱਤਵਪੂਰਨ ਸੀ। 

ਜਵਾਬ ਦੇਣ ਵਾਲਿਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਲੋਕਾਂ ਨੇ ਕਿਹਾ ਕਿ ਨਸਲਵਾਦ ਨਾਲ ਸੰਬੰਧਿਤ ਘਟਨਾ ਲਈ ਉਹ ਰੈਸਟੋਰੇਟਿਵ ਜਸਟਿਸ ਦੇ ਪ੍ਰੋਗਰਾਮਾਂ ਤੱਕ ਪਹੁੰਚ ਕਰਨਗੇ। ਇਹਨਾਂ ਪ੍ਰੋਗਰਾਮਾ ਤੱਕ ਪਹੁੰਚ ਕਰਨ ਦੀ ਰਜ਼ਾਮੰਦੀ ਤਕਰੀਬਨ ਤਕਰੀਬਨ ਸਾਰੇ ਜਾਤੀ, ਧਾਰਮਿਕ ਅਤੇ ਲਿੰਗਕ ਪਿਛੋਕੜ ਦੇ ਲੋਕਾਂ ਵਿੱਚ ਇਕਸਾਰ ਸੀ। 

ਮਲਟੀਕਲਚਰਲਿਜ਼ਮ ਦੇ ਸ਼ਬਦ ਕਾਰਨ ਸੁੱਝਣ ਵਾਲੀਆਂ ਸਿਖਰਲੀਆਂ ਤਿੰਨ ਕਦਰਾਂ ਕੀਮਤਾਂ ਸਨ: ਸਤਿਕਾਰ, ਵੰਨ-ਸੁਵੰਨਤਾ ਅਤੇ ਮਾਨਤਾ। ਸ਼ਬਦ ਨਸਲਵਾਦ ਦੇ ਵਿਰੋਧ ਨੇ ਵਿਦਿਆ, ਸਤਿਕਾਰ ਅਤੇ ਨਿਆਂ ਦੀਆਂ ਕਦਰਾਂ-ਕੀਮਤਾਂ ਸੁਝਾਈਆਂ। ਸਤਿਕਾਰ ਅਤੇ ਸਭ ਦੀ ਸ਼ਮੂਲੀਅਤ ਦੀਆਂ ਕਦਰਾਂ-ਕੀਮਤਾਂ ਦੋਹਾਂ ਸ਼ਬਦਾਂ ਵਿੱਚ ਸਾਂਝੀਆਂ ਸਨ। ਜਦੋਂ ਜਵਾਬ ਦੇਣ ਵਾਲਿਆਂ ਨੂੰ ਛੇ ਦਰਜ ਕਦਰਾਂ ਕੀਮਤਾਂ ਨੂੰ ਦਰਜਾ ਦੇਣ ਲਈ ਕਿਹਾ ਗਿਆ ਤਾਂ ਨਿਆਂ ਅਤੇ ਸਭ ਦੀ ਸ਼ਮੂਲੀਅਤ ਨੂੰ ਸਭ ਤੋਂ ਮਹੱਤਵਪੂਰਨ ਹੋਣ ਦਾ ਦਰਜਾ ਦਿੱਤਾ ਗਿਆ। 

ਜਵਾਬ ਦੇਣ ਵਾਲਿਆਂ ਨੇ ਦੱਸਿਆ ਕਿ ਨਸਲੀ ਸਦਮੇ ਤੋਂ ਠੀਕ ਹੋਣ ਵਿੱਚ ਜਾਗਰੂਕਤਾ ਅਤੇ ਸਿੱਖਿਆ ਦੇ ਨਾਲ ਨਾਲ ਕਮਿਊਨਿਟੀ ਉਸਾਰਨ ਅਤੇ ਨਸਲਵਾਦ ਦਾ ਸਿ਼ਕਾਰ ਹੋਣ ਵਾਲੇ ਲੋਕਾਂ ਨੂੰ ਸਹਾਇਤਾ ਦੇਣ ਦੇ ਕਾਰਜ ਸ਼ਾਮਲ ਹਨ। ਇਸ ਦੇ ਨਾਲ ਹੀ ਨਸਲੀ ਸਦਮੇ ਦੀ ਹੋਂਦ `ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਨ ਦਾ ਥੀਮ ਵੀ ਮੌਜੂਦ ਸੀ। ਇਨਡਿਜਨਿਸ, ਕਾਲੇ ਅਤੇ ਰੰਗਦਾਰ ਲੋਕਾਂ (ਆਈ ਬੀ ਪੀ ਓ ਸੀ) ਲਈ ਸਮਰਥਨ ਪ੍ਰਦਾਨ ਕਰਨਾ ਸਿਖਰਲੀ ਪਹਿਲ ਸੀ। 

ਮੰਨਣ ਤੋਂ ਇਨਕਾਰ ਕਰਨ ਅਤੇ ਨਸਲਵਾਦ ਦੇ ਪੱਕੇ ਥੀਮਾਂ ਦੇ ਨਾਲ ਨਾਲ ਕਈ ਹੋਰ ਥੀਮ ਵੀ ਸਨ ਜਿਹਨਾਂ ਬਾਰੇ ਵਾਰ ਵਾਰ ਗੱਲ ਕੀਤੀ ਗਈ ਸੀ, ਖਾਸ ਕਰਕੇ ਹੇਠਾਂ ਦਿੱਤੇ ਥੀਮਾਂ ਬਾਰੇ: 

  • ਸਿੱਖਿਆ (ਖਾਸ ਕਰਕੇ ਕੇ-12): ਸ਼ੁਰੂ ਦੇ ਗ੍ਰੇਡਾਂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਨਸਲਵਾਦ ਵਿਰੋਧੀ ਸਿੱਖਿਆ ਦੇਣ ਦੀ ਲੋੜ 
  • ਜਾਗਰੂਕਤਾ: ਜਨਤਕ ਗੱਲਬਾਤ ਵਿੱਚ ਨਸਲਵਾਦ ਵਿਰੋਧੀ ਅਤੇ ਵਿਤਕਰੇ ਵਿਰੋਧੀ ਸੁਨੇਹਿਆਂ ਨੂੰ ਵਧਾਉਣ ਦੀ ਲੋੜ 
  • ਬਹੁ-ਖੇਤਰੀ ਸੰਬੰਧ: ਇਹ ਗੱਲ ਸਮਝਣ ਦੀ ਮਹੱਤਤਾ ਕਿ  ਕਿਸ ਤਰ੍ਹਾਂ ਨਸਲਵਾਦ ਵਿਸ਼ੇਸ਼ ਅਧਿਕਾਰਾਂ ਅਤੇ ਨਾ-ਬਰਾਬਰੀ ਦੇ ਪੈਟਰਨਾਂ ਨਾਲ ਜੁੜਿਆ ਹੋਇਆ ਹੈ