ਪਛਾਣ ਸੰਬੰਧੀ ਡੈਟਾ ਮਿਆਰ

2026 ਦੇ ਸ਼ੁਰੂ ਵਿੱਚ, ਸਰਕਾਰ ਨੇ ਦੋ ਪਛਾਣ ਸੰਬੰਧੀ ਡੈਟਾ ਮਿਆਰ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਤਾਂ ਜੋ ਇੰਡੀਜਨਸ ਅਤੇ ਨਸਲੀ ਪਛਾਣ ਸੰਬੰਧੀ ਜਾਣਕਾਰੀ ਇਕੱਠੀ ਕਰਨ, ਵਰਤਣ ਅਤੇ ਸਾਂਝੀ ਕਰਨ ਲਈ ਇਕਸਾਰਤਾ ਲਿਆਂਦੀ ਜਾ ਸਕੇ।
ਇਹ ਮਿਆਰ ਉੱਚ-ਗੁਣਵੱਤਾ ਵਾਲੀ ਅਤੇ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਜਨਅੰਕੜਾ ਜਾਣਕਾਰੀ ਇਕੱਠੀ ਕਰਨ ਵਿੱਚ ਸਹਾਇਤਾ ਕਰਨਗੇ। ਇਸ ਨਾਲ ਪਤਾ ਲੱਗੇਗਾ ਕਿ ਸਰਕਾਰੀ ਸੇਵਾਵਾਂ ਵਿੱਚ ਕਿੱਥੇ ਪ੍ਰਣਾਲੀਗਤ ਨਸਲਵਾਦ ਹੈ ਅਤੇ ਕਿੱਥੇ ਸੁਧਾਰ ਕਰਕੇ ਬੀ.ਸੀ. ਦੇ ਹਰ ਵਿਅਕਤੀ ਲਈ ਸੇਵਾਵਾਂ ਬਿਹਤਰ ਬਣਾਈਆਂ ਜਾ ਸਕਦੀਆਂ ਹਨ।
ਡੈਟਾ ਮਿਆਰ ਕੀ ਹਨ?
ਪਛਾਣ ਡੈਟਾ ਲਈ ਮਿਆਰ ਅਤੇ ਦਿਸ਼ਾ-ਨਿਰਦੇਸ਼ ਮੰਤਰਾਲਿਆਂ ਨੂੰ ਇਹ ਸਲਾਹ ਦਿੰਦੇ ਹਨ ਕਿ ਇੰਡੀਜਨਸ ਅਤੇ ਨਸਲੀ ਪਛਾਣ ਬਾਰੇ ਜਾਣਕਾਰੀ ਕਿਵੇਂ ਇਕੱਠੀ, ਵਰਤੀ ਅਤੇ ਸਾਂਝੀ ਕੀਤੀ ਜਾਵੇ। ਇਹ ਮਿਆਰ ਇਹ ਵੀ ਦੱਸਦੇ ਹਨ ਕਿ ਡੈਟਾ ਇਕੱਠਾ ਕਰਦੇ ਸਮੇਂ ਕੀ ਪੁੱਛਣਾ ਹੈ ਅਤੇ ਕਿਵੇਂ ਪੁੱਛਣਾ ਹੈ, ਤਾਂ ਜੋ ਨੁਕਸਾਨ ਦਾ ਖਤਰਾ ਘੱਟ ਹੋਵੇ।
ਇੰਡੀਜਨਸ ਆਈਡੈਂਟਿਟੀ ਡੈਟਾ ਸਟੈਂਡਰਡ ਇਹ ਦਰਸਾਉਂਦਾ ਹੈ ਕਿ ਇੰਡੀਜਨਸ ਪਛਾਣ ਬਾਰੇ ਜਾਣਕਾਰੀ ਕਿਵੇਂ ਇਕੱਠੀ ਕੀਤੀ ਜਾਵੇ, ਤਾਂ ਜੋ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਦੀਆਂ ਵਿਲੱਖਣ ਪਛਾਣਾਂ ਅਤੇ ਵੱਖਰੇ ਅਧਿਕਾਰਾਂ ਨੂੰ ਸਵੀਕਾਰਿਆ ਜਾਵੇ ਅਤੇ ਇੰਡੀਜਨਸ ਡੈਟਾ ਦੀ ਖੁਦਮੁਖਤਿਆਰੀ ਅਤੇ ਖੁਦ ਫੈਸਲੇ ਕਰਨ ਦੇ ਹੱਕ ਦਾ ਸਮਰਥਨ ਕੀਤਾ ਜਾਵੇ।
ਰੇਸ਼ੀਅਲ ਆਈਡੈਂਟਿਟੀ ਡੈਟਾ ਸਟੈਂਡਰਡ ਇਹ ਯਕੀਨੀ ਬਣਾਉਂਦਾ ਹੈ ਕਿ ਨਸਲ-ਅਧਾਰਿਤ ਜਾਣਕਾਰੀ ਇਕੱਠੀ ਕਰਨ ਦਾ ਤਰੀਕਾ ਲੋਕਾਂ ਦੀ ਆਪਣੀ ਪਛਾਣ ਚੁਣਨ ਦੀ ਚੋਣ ਨਾਲ ਮਿਲਦਾ ਹੋਵੇ ਅਤੇ ਵੱਖ-ਵੱਖ ਪਛਾਣਾਂ ਅਤੇ ਉਹਨਾਂ ਦੇ ਆਪਸੀ ਰਿਸ਼ਤਿਆਂ ਦਾ ਸਤਿਕਾਰ ਕੀਤਾ ਜਾਵੇ।
ਇਹ ਮਿਆਰ ਐਂਟੀ-ਰੇਸਿਜ਼ਮ ਡੈਟਾ ਐਕਟ ਦੇ ਅਧੀਨ ਤਿਆਰ ਕੀਤੇ ਗਏ ਹਨ, ਤਾਂ ਜੋ ਹੋਰ ਨਿਰਪੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਪ੍ਰਣਾਲੀਗਤ ਨਸਲਵਾਦ ਬਾਰੇ ਚੱਲ ਰਹੇ ਖੋਜ ਕਾਰਜ ਨੂੰ ਸਮਰਥਨ ਮਿਲ ਸਕੇ।

ਪਛਾਣ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਮਿਆਰ ਕਿਉਂ ਜ਼ਰੂਰੀ ਹਨ?
ਇਸ ਵੇਲੇ ਸਰਕਾਰ ਭਰ ਵਿੱਚ ਲੋਕਾਂ ਦੀ ਪਛਾਣ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਵੱਖ-ਵੱਖ ਤਰੀਕੇ ਹਨ। ਇਸਦਾ ਮਤਲਬ ਹੈ ਕਿ ਲੋਕਾਂ ਤੋਂ ਸਰਕਾਰੀ ਸੇਵਾਵਾਂ ਤੱਕ ਪਹੁੰਚ ਦੌਰਾਨ ਕਈ ਵਾਰ, ਇੱਕੋ ਜਾਣਕਾਰੀ ਵੱਖ-ਵੱਖ ਤਰੀਕਿਆਂ ਨਾਲ ਮੰਗੀ ਜਾ ਸਕਦੀ ਹੈ।
ਇਸ ਕਰਕੇ ਡੈਟਾ ਦੀ ਤੁਲਨਾ ਕਰਨਾ ਅਤੇ ਇਹ ਜਾਣਨਾ ਔਖਾ ਹੋ ਜਾਂਦਾ ਹੈ ਕਿ ਕੌਣ ਸਰਕਾਰੀ ਸੇਵਾਵਾਂ ਲੈ ਰਿਹਾ ਹੈ ਅਤੇ ਕਿੱਥੇ ਕਮੀਆਂ ਜਾਂ ਰੁਕਾਵਟਾਂ ਹਨ।
ਇਹ ਮਿਆਰ ਇੰਡੀਜਨਸ ਅਤੇ ਨਸਲੀ ਪਛਾਣ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਇੱਕ ਹੋਰ ਇੱਕਸਾਰ ਤਰੀਕਾ ਮੁਹੱਈਆ ਕਰਦੇ ਹਨ। ਦਿਸ਼ਾ-ਨਿਰਦੇਸ਼, ਮਿਆਰਾਂ ਦੇ ਨਾਲ ਕੰਮ ਕਰਦੇ ਹਨ ਅਤੇ ਡੈਟਾ ਇਕੱਤਰ ਕਰਨ, ਵਰਤਣ ਅਤੇ ਸਾਂਝਾ ਕਰਨ ਸੰਬੰਧੀ ਮੁੱਖ ਸਿਧਾਂਤ ਦਰਸਾਉਂਦੇ ਹਨ। ਇਸ ਵਿੱਚ ਸ਼ਾਮਲ ਹਨ:
- ਇਹ ਯਕੀਨੀ ਬਣਾਉਣਾ ਕਿ ਜਾਣਕਾਰੀ ਇਕੱਠੀ ਕਰਨ ਦਾ ਸਪਸ਼ਟ ਉਦੇਸ਼ ਹੋਵੇ, ਜਿਵੇਂ ਕਿ ਸੇਵਾ ਮੁਹੱਈਆ ਕਰਨ ਲਈ ਜਾਂ ਖੋਜ ਲਈ ਲੋੜ
- ਉਸ ਮਕਸਦ ਲਈ ਸਿਰਫ਼ ਜਿੰਨੀ ਲੋੜ ਹੈ, ਓਨੀ ਹੀ ਜਾਣਕਾਰੀ ਇਕੱਠੀ ਕਰਨੀ
ਇਕੱਠੇ ਮਿਲ ਕੇ, ਇਹ ਮਿਆਰ ਅਤੇ ਦਿਸ਼ਾ-ਨਿਰਦੇਸ਼ ਇਸ ਗੱਲ ‘ਤੇ ਖੋਜ ਦਾ ਸਮਰਥਨ ਕਰਦੇ ਹਨ ਕਿ ਪ੍ਰਣਾਲੀਗਤ ਨਸਲਵਾਦ ਲੋਕਾਂ ਦੇ ਨਿੱਜੀ ਅਨੁਭਵਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਸੇਵਾਵਾਂ ਤੱਕ ਪਹੁੰਚ ਵਿੱਚ ਰੁਕਾਵਟਾਂ ਦੀ ਪਛਾਣ ਕਰਨ ਵਿੱਚ ਮਦਦ ਕਰਦੇ ਹਨ। ਇਸ ਜਾਣਕਾਰੀ ਦੀ ਸਹਾਇਤਾ ਨਾਲ, ਅਸੀਂ ਸਰਕਾਰੀ ਸੇਵਾਵਾਂ ਨੂੰ ਹੋਰ ਨਿਰਪੱਖ ਅਤੇ ਸਭ ਨੂੰ ਸ਼ਾਮਲ ਕਰਨ ਵਾਲੀਆਂ ਬਣਾ ਸਕਦੇ ਹਾਂ।
ਇਹ ਮਿਆਰ ਬਣਾਉਣ ਵਿੱਚ ਕੌਣ ਮਦਦ ਕਰਦਾ ਹੈ?
ਇਹ ਮਿਆਰ ਇੰਡੀਜਨਸ ਲੋਕਾਂ ਨਾਲ ਗੱਲਬਾਤ ਕਰਕੇ ਅਤੇ ਐਂਟੀ ਰੇਸਿਜ਼ਮ ਡੈਟਾ ਕਮੇਟੀ ਦੇ ਸੁਝਾਅ ਨਾਲ ਬਣਾਏ ਗਏ ਹਨ। ਇਹ ਸੁਝਾਅ, ਡੈਟਾ ਇਕੱਠਾ ਕਰਨ ਰਾਹੀਂ ਹੋ ਸਕਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।
ਇਸ ਕੰਮ ਦੇ ਤਹਿਤ, ਅਸੀਂ ਵੇਖਿਆ ਕਿ ਸਰਕਾਰ ਇਸ ਵੇਲੇ ਨਿੱਜੀ ਜਾਣਕਾਰੀ ਕਿਵੇਂ ਇਕੱਠੀ ਕਰਦੀ ਹੈ, ਅਤੇ ਭਾਈਚਾਰੇ ਨਾਲ ਗੱਲਬਾਤ ਤੋਂ ਮਿਲੇ ਸੁਝਾਅ ਅਤੇ ਬੀ ਸੀ ਡੈਮੋਗ੍ਰਾਫਿਕ ਸਰਵੇ ਦੇ ਨਤੀਜੇ ਵੀ ਵੇਖੇ। ਅਸੀਂ ਇਹ ਵੀ ਜਾਣਿਆ ਕਿ ਹੋਰ ਸੰਸਥਾਵਾਂ, ਜਿਵੇਂ ਸਟੈਟਿਸਟਿਕਸ ਕੈਨੇਡਾ, ਲੋਕਾਂ ਤੋਂ ਉਹਨਾਂ ਦੀ ਪਛਾਣ ਬਾਰੇ ਜਾਣਕਾਰੀ ਕਿਵੇਂ ਲੈਂਦੀਆਂ ਹਨ।
ਇਹ ਮਿਆਰ ਇਸ ਪ੍ਰਕਿਰਿਆ ਦੌਰਾਨ ਸੁਣੀਆਂ ਗਈਆਂ ਗੱਲਾਂ ਨੂੰ ਦਰਸਾਉਂਦੇ ਹਨ ਅਤੇ ਸਮੇਂ ਦੇ ਨਾਲ ਬਦਲ ਸਕਦੇ ਹਨ, ਤਾਂ ਜੋ ਪਰਿਭਾਸ਼ਾ, ਭਾਸ਼ਾ, ਗਿਆਨ ਅਤੇ ਅਨੁਭਵਾਂ ਵਿੱਚ ਹੋ ਰਹੇ ਬਦਲਾਵਾਂ ਨੂੰ ਸਹੀ ਢੰਗ ਨਾਲ ਦਰਸਾਇਆ ਜਾ ਸਕੇ।

ਹੋਰ ਜਾਣੋ
ਪਛਾਣ ਡੈਟਾ ਮਿਆਰਾਂ ਅਤੇ ਉਹਨਾਂ ਦੇ ਇਸਤੇਮਾਲ ਬਾਰੇ ਹੋਰ ਜਾਣਕਾਰੀ ਲਈ, ਇੱਥੇ ਜਾਓ:
