ਸਾਰਿਆਂ ਲਈ ਤਨਖਾਹਾਂ ਨੂੰ ਵਾਜਬ ਬਣਾਉਣਾ

ਉਮਰ

ਮਰਦਮਸ਼ੁਮਾਰੀ ਦੇ ਅੰਕੜਿਆਂ ਵਿੱਚ ਤਜਰਬੇ ਦੇ ਸਾਲ ਸ਼ਾਮਲ ਨਹੀਂ ਹਨ। ਇਸ ਦੀ ਬਜਾਏ, ‘ਬੀ ਸੀ ਸਟੈਟਸ’ ਨੇ ਇਸ ਖੋਜ ਲਈ ਉਮਰ ‘ਤੇ ਧਿਆਨ ਕੇਂਦਰਿਤ ਕੀਤਾ, ਜਿਸਦੀ ਵਰਤੋਂ ਅਕਸਰ ਤਜਰਬੇ ਦੇ ਸਾਲਾਂ ਦੀ ਥਾਂ ‘ਤੇ ਕੀਤੀ ਜਾਂਦੀ ਹੈ। ਹਾਲਾਂਕਿ ਉਮਰ ਇਹ ਨਹੀਂ ਦਰਸਾਉਂਦੀ ਕਿ ਕਿਸੇ ਨੇ ਕਿਸੇ ਵਿਸ਼ੇਸ਼ ਭੂਮਿਕਾ ਵਿੱਚ ਕਿੰਨੇ ਸਾਲ ਕੰਮ ਕੀਤਾ ਹੈ, ਇਹ ਇਸ ਵਿਸ਼ਲੇਸ਼ਣ ਲਈ ਉਪਲਬਧ ਸਭ ਤੋਂ ਵਧੀਆ ਜਾਣਕਾਰੀ ਸੀ।

ਲੋਕਾਂ ਦੀ ਆਮਦਨ ਆਮ ਤੌਰ ‘ਤੇ ਮੱਧ ਉਮਰ ਵਿੱਚ ਸਭ ਤੋਂ ਵੱਧ ਹੁੰਦੀ ਹੈ ਅਤੇ ਵੱਡੀ ਉਮਰ ਵਾਲੇ ਕਰਮਚਾਰੀਆਂ ਲਈ ਘੱਟ ਜਾਂਦੀ ਹੈ। ਇਸ ਅਧਿਐਨ ਵਿੱਚ, ਦਸ ਪੇਸ਼ਿਆਂ ਲਈ ਸੈਂਪਲ ਵਿੱਚ ਵੱਡੀ ਉਮਰ ਵਾਲੇ ਕਰਮਚਾਰੀ, ਨੌਜਵਾਨ ਕਰਮਚਾਰੀਆਂ ਨਾਲੋਂ ਵੱਧ ਕਮਾ ਰਹੇ ਸਨ। ਪਰ, ਤਿੰਨ ਪੇਸ਼ਿਆਂ ਵਿੱਚ ਉਮਰ ਅਤੇ ਵਧੀ ਹੋਈ ਆਮਦਨ ਵਿੱਚ ਸਬੰਧ ਸਿਰਫ਼ ਗੋਰੇ ਕਰਮਚਾਰੀਆਂ ਲਈ ਸੀ ਪਰ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਲਈ ਨਹੀਂ।

  • ਪ੍ਰੋਸੈਸਿੰਗ ਅਤੇ ਮੈਨਿਊਫੈਕਚਰਿੰਗ
  • ਰੀਟੇਲ ਅਤੇ ਸਰਵਿਸ ਸੁਪਰਵਾਈਜ਼ਰ
  • ਟ੍ਰਾਂਸਪੋਰਟ ਹੈਲਪਰ ਅਤੇ ਲੇਬਰਰ
ਉਹ ਕਿੱਤੇ ਜਿੱਥੇ ਅਧਿਐਨ ਦੇ ਸੈਂਪਲ ਵਿੱਚ ਗੋਰੇ ਕਾਮਿਆਂ ਲਈ ਉਮਰ ਦੇ ਨਾਲ ਔਸਤ ਵਾਧਾ ਦੇਖਿਆ ਗਿਆ, ਪਰ ਨਸਲੀ ਪਿਛੋਕੜ ਵਾਲੇ ਕਾਮਿਆਂ ਲਈ ਨਹੀਂ।
ਉਹ ਕਿੱਤੇ ਜਿਨ੍ਹਾਂ ਵਿੱਚ ਅਧਿਐਨ ਦੇ ਸੈਂਪਲ ਵਿੱਚ ਜ਼ਿਆਦਾ ਪੜ੍ਹਨ ਵਾਲੇ ਲੋਕਾਂ ਵਿੱਚੋਂ, ਨਸਲੀ ਪਿਛੋਕੜ ਵਾਲੇ ਕਾਮਿਆਂ ਨੂੰ ਜ਼ਿਆਦਾ ਔਸਤ ਤਨਖਾਹ ਨਹੀਂ ਮਿਲੀ, ਪਰ ਗੋਰੇ ਕਾਮਿਆਂ ਨੂੰ ਮਿਲੀ।

ਸਿੱਖਿਆ

ਆਮ ਤੌਰ ‘ਤੇ, ਇਹ ਮੰਨਿਆ ਜਾਂਦਾ ਹੈ ਕਿ ਉੱਚ ਸਿੱਖਿਆ ਪ੍ਰਾਪਤ ਕਰਨ ਨਾਲ ਵਧੇਰੇ ਕਮਾਈ ਹੁੰਦੀ ਹੈ। ਸਾਡੀਆਂ ਖੋਜਾਂ ਇਸ ਆਮ ਧਾਰਨਾ ‘ਤੇ ਸਵਾਲ ਉਠਾਉਂਦੀਆਂ ਹਨ ਕਿ ਵਧੇਰੇ ਸਿੱਖਿਆ ਨਾਲ ਹਮੇਸ਼ਾ ਵਧੇਰੇ ਤਨਖਾਹ ਮਿਲੇਗੀ ਜਾਂ ਨਹੀਂ।

ਸਾਡੇ ਸੈਂਪਲ ਵਿੱਚ ਛੇ ਕਿੱਤਿਆਂ ਵਿੱਚ, ਨਸਲੀ ਪਿਛੋਕੜ ਦੇ ਲੋਕਾਂ ਨੂੰ ਗੋਰੇ ਕਾਮਿਆਂ ਦੇ ਬਰਾਬਰ ਸਿੱਖਿਆ ਦੇ ਪੱਧਰ ਹੋਣ ਦੇ ਬਾਵਜੂਦ, ਸਿੱਖਿਆ ਦੇ ਉੱਚ ਪੱਧਰਾਂ ਨੂੰ ਵਧੇਰੇ ਕਮਾਈ ਨਾਲ ਜੁੜਿਆ ਨਹੀਂ ਪਾਇਆ ਗਿਆ:

  • ਪ੍ਰੋਸੈਸਿੰਗ ਅਤੇ ਮੈਨਿਊਫੈਕਚਰਿੰਗ
  • ਰੀਟੇਲ ਅਤੇ ਸਰਵਿਸ ਸੁਪਰਵਾਈਜ਼ਰ
  • ਕਾਰੋਬਾਰ ਅਤੇ ਵਿੱਤ
  • ਟ੍ਰਾਂਸਪੋਰਟ ਹੈਲਪਰ ਅਤੇ ਲੇਬਰਰ
  • ਤਕਨੀਕੀ ਵਿਗਿਆਨ
  • ਸਿਹਤ ਸਹਾਇਤਾ ਭੂਮਿਕਾਵਾਂ

ਕੈਨੇਡਾ ਤੋਂ ਬਾਹਰ ਪੈਦਾ ਹੋਣਾ

ਸੈਂਪਲ ਵਿੱਚ ਨਸਲੀ ਪਿਛੋਕੜ ਦੇ ਉਹ ਲੋਕ ਜੋ ਕੈਨੇਡਾ ਤੋਂ ਬਾਹਰ ਪੈਦਾ ਹੋਏ ਸਨ, ਉਨ੍ਹਾਂ ਨੇ ਪੰਜ ਕਿੱਤਿਆਂ ਵਿੱਚ ਕੈਨੇਡਾ ਵਿੱਚ ਪੈਦਾ ਹੋਏ ਲੋਕਾਂ ਨਾਲੋਂ ਘੱਟ ਕਮਾਈ ਕੀਤੀ। ਤਿੰਨ ਪੇਸ਼ੇਵਰ ਗਰੁੱਪਾਂ ਵਿੱਚ ਗੋਰੇ ਕਾਮਿਆਂ ਲਈ ਵੀ ਇਹ ਗੱਲ ਸੱਚ ਸੀ।

ਤਿੰਨ ਕਿੱਤਿਆਂ ਵਿੱਚ, ਕੈਨੇਡਾ ਤੋਂ ਬਾਹਰ ਪੈਦਾ ਹੋਣਾ, ਨਸਲੀ ਪਿਛੋਕੜ ਵਾਲੇ ਕਾਮਿਆਂ ਲਈ ਘੱਟ ਤਨਖਾਹ ਨਾਲ ਜੁੜਿਆ ਹੋਇਆ ਸੀ, ਪਰ ਗੋਰੇ ਕਾਮਿਆਂ ਲਈ ਨਹੀਂ:

  • ਪ੍ਰੋਸੈਸਿੰਗ ਅਤੇ ਮੈਨਿਊਫੈਕਚਰਿੰਗ
  • ਟ੍ਰਾਂਸਪੋਰਟ ਹੈਲਪਰ ਅਤੇ ਲੇਬਰਰ
  • ਕਾਰੋਬਾਰ ਅਤੇ ਵਿੱਤ

ਡਾਟਾ ਉੱਤੇ ਟਿੱਪਣੀਆਂ

ਟੀਮ ਨੇ ਬੀ.ਸੀ. ਵਿੱਚ ਸਿਰਫ 25,000 ਤੋਂ ਵੱਧ ਕਾਮਿਆਂ ਦੇ ਸੈਂਪਲ ਦੀ ਵਰਤੋਂ ਕੀਤੀ। ਇਹ ਸਾਲ 2020 ਵਿੱਚ ਬੀ.ਸੀ. ਵਿੱਚ ਕੰਮ ਕਰਨ ਵਾਲੇ ਲਗਭਗ 2.4 ਮਿਲੀਅਨ ਲੋਕਾਂ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਦਰਸਾਉਂਦਾ ਹੈ। ਇਨ੍ਹਾਂ ਵਿੱਚ ਸਿਰਫ ਫੁੱਲ-ਟਾਈਮ ਕਰਮਚਾਰੀ ਸ਼ਾਮਲ ਹਨ। ਇਸਦਾ ਮਤਲਬ ਹੈ ਕਿ ਸਵੈ-ਰੁਜ਼ਗਾਰ ਵਾਲੇ ਅਤੇ ਪਾਰਟ-ਟਾਈਮ ਭੂਮਿਕਾਵਾਂ ਵਿੱਚ ਜੋਖਮ ਪ੍ਰਤੀ ਵਧੇਰੇ ਕਮਜ਼ੋਰ ਕਾਮੇ ਵਿਸ਼ਲੇਸ਼ਣ ਵਿੱਚ ਸ਼ਾਮਲ ਨਹੀਂ ਹਨ।

ਕੁਝ ਕਿੱਤਿਆਂ ਲਈ, ਸੈਂਪਲ ਸੀਮਤ ਹੋਣ ਕਰਕੇ, ਕੁਝ ਸ਼੍ਰੇਣੀਆਂ ਵਿੱਚ ਕਾਮਿਆਂ ਦੀ ਘੱਟ ਗਿਣਤੀ ਦੇਖਣ ਨੂੰ ਮਿਲੀ। ਇਸਦਾ ਮਤਲਬ ਇਹ ਸੀ ਕਿ ਟੀਮ ਹਰੇਕ ਨਸਲੀ ਗਰੁੱਪ ਲਈ ਕਮਾਈ ਨੂੰ ਨਹੀਂ ਦੇਖ ਸਕਦੀ ਸੀ ਕਿਉਂਕਿ ਵਧੇਰੇ ਵਿਸਤਾਰ ਨਾਲ ਵਿਸ਼ਲੇਸ਼ਣ ਕਰਨ ਲਈ ਜਾਣਕਾਰੀ ਕਾਫ਼ੀ ਨਹੀਂ ਸੀ। ਨਸਲੀ ਪਿਛੋਕੜ ਦੇ ਕਾਮਿਆਂ ਨੂੰ ਇੱਕ ਸ਼੍ਰੇਣੀ ਵਿੱਚ ਇਕੱਠਾ ਕਰਨ ਦਾ ਮਤਲਬ ਹੈ ਕਿ ਇਹ ਦੇਖਣਾ ਸੰਭਵ ਨਹੀਂ ਹੈ ਕਿ ਨਸਲੀ ਪਿਛੋਕੜ ਵਾਲੇ ਕਿਹੜੇ ਗਰੁੱਪ, ਕੁਝ ਕਿੱਤਿਆਂ ਵਿੱਚ ਦੂਜਿਆਂ ਨਾਲੋਂ ਵਧੇਰੇ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ।

ਹਾਲਾਂਕਿ ਖੋਜ ਟੀਮ ਨੇ ਨੌਂ ਕਿੱਤਿਆਂ ਵਿੱਚ ਆਮਦਨ ਦੀਆਂ ਵੱਡੀਆਂ ਅਸਮਾਨਤਾਵਾਂ ਦੇਖੀਆਂ, ਹੋਰ ਕਿੱਤਿਆਂ ਵਿੱਚ ਅਸਮਾਨਤਾਵਾਂ ਹੋ ਸਕਦੀਆਂ ਹਨ, ਜਿਨ੍ਹਾਂ ਦੀ ਪਛਾਣ ਸੈਂਪਲ ਦੇ ਛੋਟੇ ਆਕਾਰ ਜਾਂ ਡਾਟਾ ਨੂੰ ਪ੍ਰਭਾਵਤ ਕਰਨ ਵਾਲੇ ਹੋਰ ਕਾਰਕਾਂ ਕਾਰਨ ਨਹੀਂ ਕੀਤੀ ਜਾ ਸਕੀ।

ਇਹ ਨਤੀਜੇ ਸਾਲ 2020 ਦੇ ਹਨ। ਹਾਲਾਂਕਿ ਕੋਵਿਡ -19 ਮਹਾਂਮਾਰੀ ਦੇ ਪ੍ਰਭਾਵ ਕਾਰਨ ਇਹ ਇੱਕ ਸਧਾਰਨ ਸਾਲ ਨਹੀਂ ਸੀ, ਇਹ ਉਪਲਬਧ ਸਭ ਤੋਂ ਤਾਜ਼ਾ ਅੰਕੜੇ ਹਨ ਜਿਸ ਨੇ ਖੋਜਕਰਤਾਵਾਂ ਨੂੰ ਕਮਾਈ ‘ਤੇ ਉਮਰ ਅਤੇ ਨਸਲ ਵਰਗੇ ਕਾਰਕਾਂ ਦੇ ਪ੍ਰਭਾਵ ਨੂੰ ਦੇਖਣ ਦੇ ਸਮਰੱਥ ਕੀਤਾ। ਟੀਮ ਨੇ ‘ਸਟੈਟਿਸਟਿਕਸ ਕੈਨੇਡਾ’ ਤੋਂ ਉਪਲਬਧ ਹੋਰ ਡਾਟਾ ਸੈਟਾਂ ‘ਤੇ ਵਿਚਾਰ ਕੀਤਾ ਅਤੇ ਪਾਇਆ ਕਿ ਉਹ ਸਾਲ 2020 ਲਈ ਉਪਲਬਧ ਜਾਣਕਾਰੀ ਵਾਂਗ ਵਿਸਤਾਰ ਨਾਲ ਵਿਸ਼ਲੇਸ਼ਣ ਲਈ ਢੁਕਵੇਂ ਨਹੀਂ ਸਨ।

ਅਗਲੇ ਕਦਮ

ਇਹ ਖੋਜ ਆਰਥਿਕ ਸ਼ਮੂਲੀਅਤ ਵੱਲ ਬੀ.ਸੀ. ਦੀ ਪ੍ਰਗਤੀ ਨੂੰ ਮਾਪਣ ਲਈ ਇੱਕ ਬੁਨਿਆਦ ਪੇਸ਼ ਕਰਦੀ ਹੈ। ਭਵਿੱਖ ਦੀ ਖੋਜ ਇਸ ਗੱਲ ‘ਤੇ ਵਿਚਾਰ ਕਰ ਸਕਦੀ ਹੈ ਕਿ ਵਧੇਰੇ ਕਾਰਕ ਤਨਖਾਹ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ, ਜਿਵੇਂ ਕਿ ਲੋਕ ਕਿੱਥੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਇਮੀਗ੍ਰੇਸ਼ਨ ਸਥਿਤੀ ਕੀ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਕੀਤੀ ਗਈ ਖੋਜ, ਕਿਸੇ ਖਾਸ ਸਮੇਂ ਦੌਰਾਨ ਕੀਤੀ ਕਮਾਈ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ। ਖੋਜ ਵਿੱਚ ਪਾਰਟ-ਟਾਈਮ ਅਤੇ ਸਵੈ-ਰੁਜ਼ਗਾਰ ਵਾਲੇ ਕਾਮਿਆਂ ਨੂੰ, ਬਿਨਾਂ ਤਨਖਾਹ ਵਾਲੇ ਕੰਮ ਨੂੰ ਅਤੇ ਮਾਨਸਿਕ ਅਤੇ ਸਰੀਰਕ ਸਿਹਤ ਨਾਲ ਸੰਬੰਧਤ ਰੁਕਾਵਟਾਂ ਨੂੰ ਸ਼ਾਮਲ ਕਰਨ ਨਾਲ, ਵਿਸ਼ਲੇਸ਼ਣ ਦਾ ਵਿਸਤਾਰ ਕਰਕੇ, ਅਸੀਂ ਬੀ.ਸੀ. ਦੇ ਕਾਰਜਬਲ ਵਿੱਚ ਬਰਾਬਰੀ ਦਾ ਬਿਹਤਰ ਅੰਦਾਜ਼ਾ ਲਾ ਸਕਦੇ ਹਾਂ।

ਟੀਮ ਨੂੰ ਕੁਝ ਇੰਡੀਜਨਸ ਲੋਕਾਂ ਨੇ ਆਪਣੇ ਵਿਚਾਰ ਦੱਸੇ ਹਨ ਅਤੇ ਇਸ ਨੂੰ ਭਵਿੱਖ ਦੀ ਖੋਜ ਲਈ ਆਪਣੀ ਪਹੁੰਚ ਤੈਅ ਕਰਨ ਵਿੱਚ ਵਰਤਿਆ ਜਾਵੇਗਾ। ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਤੋਂ ਹੋਰ ਜਾਣਕਾਰੀ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ ਕਿ ਅਸੀਂ ਮਰਦਸ਼ੁਮਾਰੀ ਦੇ ਅੰਕੜਿਆਂ ਦੇ ਨਾਲ-ਨਾਲ ਲੋਕਾਂ ਦੇ ਨਿੱਜੀ ਤਜਰਬਿਆਂ ‘ਤੇ ਵੀ ਵਿਚਾਰ ਕਰ ਰਹੇ ਹਾਂ। ਭਵਿੱਖ ਦੇ ਪੜਾਵਾਂ ਵਿੱਚ, ਖੋਜ ਦੇ ਨਤੀਜੇ ਭਾਈਚਾਰਿਆਂ ਨਾਲ ਸਾਂਝੇ ਕੀਤੇ ਜਾਣਗੇ ਅਤੇ ਉਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਵਿਸ਼ਲੇਸ਼ਣ ਦਾ ਵਿਸਤਾਰ ਕੀਤਾ ਜਾਵੇਗਾ।

ਟੀਮ ਨੇ ਇਸ ਖੋਜ ਲਈ 26 ਕਿੱਤਿਆਂ ਦਾ ਵਿਸ਼ਲੇਸ਼ਣ ਕੀਤਾ। ਜਿਨ੍ਹਾਂ ਵਿੱਚੋਂ ਪੰਦਰਾਂ ਵਿੱਚ ਔਸਤ ਤਨਖਾਹ ਵਿੱਚ ਕੋਈ ਅੰਤਰ ਦੇਖਣ ਨੂੰ ਨਹੀਂ ਮਿਲਿਆ:

  • ਪ੍ਰਬੰਧਕੀ ਅਤੇ ਵਿੱਤੀ ਸੁਪਰਵਾਈਜ਼ਰ
  • ਪ੍ਰਬੰਧਕੀ ਅਤੇ ਆਵਾਜਾਈ ਲੌਜਿਸਟਿਕਸ
  • ਕਲਾ ਅਤੇ ਸੱਭਿਆਚਾਰ ਸਹਾਇਕ ਭੂਮਿਕਾਵਾਂ
  • ਕਲਾ, ਸੱਭਿਆਚਾਰ ਅਤੇ ਖੇਡ ਪੇਸ਼ੇਵਰ ਅਤੇ ਤਕਨੀਸ਼ੀਅਨ
  • ਸਿੱਖਿਆ ਅਤੇ ਭਾਈਚਾਰਕ ਸਹਾਇਤਾ
  • ਸਿਹਤ ਸੰਭਾਲ ਤਕਨੀਸ਼ੀਅਨ
  • ਕਨੂੰਨ ਅਤੇ ਸਮਾਜਕ ਸੇਵਾਵਾਂ
  • ਵਿਧਾਨਕ ਅਤੇ ਸੀਨੀਅਰ ਮੈਨੇਜਰ
  • ਕੁਦਰਤੀ ਸਰੋਤ ਅਤੇ ਖੇਤੀਬਾੜੀ
  • ਜਨਤਕ ਸੁਰੱਖਿਆ ਅਤੇ ਪੈਰਾਪ੍ਰੋਫੈਸ਼ਨਲ
  • ਵਿਕਰੀ ਅਤੇ ਸੇਵਾ (ਸੇਲਸ ਐਂਡ ਸਰਵਿਸ)
  • ਵਿਕਰੀ ਪ੍ਰਤੀਨਿਧ (ਸੇਲਸ ਰਿਪ੍ਰੈਜ਼ੈਂਟੇਟਿਵ)
  • ਵਿਕਰੀ ਸਹਾਇਤਾ ਭੂਮਿਕਾਵਾਂ (ਸੇਲਸ ਸੁਪੋਰਟ ਰੋਲਜ਼)
  • ਸੁਪੋਰਟ ਅਤੇ ਸਪਲਾਈ ਚੇਨ ਦੀਆਂ ਭੂਮਿਕਾਵਾਂ (ਸੁਪੋਰਟ ਐਂਡ ਸਪਲਾਈ ਚੇਨ ਰੋਲਜ਼)
  • ਟ੍ਰਾਂਸਪੋਰਟ ਔਪਰੇਟਰ

ਬਾਕੀ 11 ਕਿੱਤਿਆਂ ਵਿੱਚ, ਟੀਮ ਨੇ ਨਸਲੀ ਪਿਛੋਕੜ ਵਾਲੇ ਅਤੇ ਗੋਰੇ ਕਾਮਿਆਂ ਦੀ ਔਸਤ ਕਮਾਈ ਵਿਚਕਾਰ ਅੰਤਰ ਦੇਖਿਆ:

  • ਕਾਰੋਬਾਰ ਅਤੇ ਵਿੱਤ
  • ਆਮ ਕਿੱਤੇ
  • ਸਿਹਤ ਪੇਸ਼ੇਵਰ
  • ਸਿਹਤ ਸਹਾਇਤਾ ਭੂਮਿਕਾਵਾਂ
  • ਮੱਧ ਪੱਧਰੀ ਮੈਨੇਜਮੈਂਟ
  • ਕੁਦਰਤੀ ਅਤੇ ਅਪਲਾਈਡ ਸਾਇੰਸ
  • ਪ੍ਰੋਸੈਸਿੰਗ ਅਤੇ ਮੈਨਿਊਫੈਕਚਰਿੰਗ
  • ਰੀਟੇਲ ਅਤੇ ਸਰਵਿਸ ਸੁਪਰਵਾਈਜ਼ਰਜ਼
  • ਤਕਨੀਕੀ ਵਿਗਿਆਨ
  • ਤਕਨੀਕੀ ਕਿੱਤੇ ਅਤੇ ਟ੍ਰਾਂਸਪੋਰਟ ਅਧਿਕਾਰੀ
  • ਟ੍ਰਾਂਸਪੋਰਟ ਹੈਲਪਰ ਅਤੇ ਲੇਬਰਰ