ਨਸਲਵਾਦ-ਵਿਰੋਧੀ ਡਾਟਾ ਐਕਟ ਦੇ ਤਹਿਤ, ਸਾਨੂੰ ਹਰ ਦੋ ਸਾਲਾਂ ਵਿੱਚ ਖੋਜ ਤਰਜੀਹਾਂ ਨਿਰਧਾਰਤ ਕਰਨ ਦੀ ਲੋੜ ਹੁੰਦੀ ਹੈ। ਇਹ ਸਫ਼ਾ ਮੌਜੂਦਾ ਖੋਜ ਤਰਜੀਹਾਂ ਅਤੇ ਉਹ ਕਿਵੇਂ ਤਿਆਰ ਕੀਤੀਆਂ ਗਈਆਂ ਸਨ ਬਾਰੇ ਜਾਣਕਾਰੀ ਦਿੰਦਾ ਹੈ। ਇਹ ਤਰਜੀਹਾਂ ਸਰਕਾਰ ਨੂੰ ਉਸ ਖੋਜ ਵੱਲ ਨਿਰਦੇਸ਼ਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ, ਜੋ ਡੂੰਘੀਆਂ ਜੜ੍ਹਾਂ ਵਾਲੀਆਂ ਰੁਕਾਵਟਾਂ ਦੀ ਪਛਾਣ ਕਰਦੀ ਹੈ ਅਤੇ ਨਸਲੀ ਨਿਰਪੱਖਤਾ ਨੂੰ ਉਤਸ਼ਾਹਤ ਕਰਨ ਲਈ ਕਾਰਵਾਈ ਦੀ ਮੰਗ ਕਰਦੀ ਹੈ।
ਅਸੀਂ ਇੰਡੀਜਨਸ ਲੋਕਾਂ ਨਾਲ ਸਲਾਹ-ਮਸ਼ਵਰੇ ਅਤੇ ਸਹਿਯੋਗ ਰਾਹੀਂ ਅਤੇ ਨਸਲਵਾਦ-ਵਿਰੋਧੀ ਡਾਟਾ ਕਮੇਟੀ (Anti-Racism Data Committee) ਨਾਲ ਤਾਲ-ਮੇਲ ਰਾਹੀਂ ਖੋਜ ਤਰਜੀਹਾਂ ਵਿਕਸਤ ਕਰਦੇ ਹਾਂ। ਇਸ ਤਰੀਕੇ ਨਾਲ ਤਰਜੀਹਾਂ ਨਿਰਧਾਰਤ ਕਰਨਾ ਸਾਡੀ ਖੋਜ ਨੂੰ ਉਨ੍ਹਾਂ ਖੇਤਰਾਂ ‘ਤੇ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ ਜੋ ਇੰਡੀਜਨਸ ਲੋਕਾਂ ਅਤੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਲਈ ਸਭ ਤੋਂ ਵੱਧ ਮਹੱਤਵਪੂਰਨ ਹਨ।
ਕੁਝ ਤਰਜੀਹਾਂ ਉਨ੍ਹਾਂ ਖੇਤਰਾਂ ਵਿੱਚ ਹੋ ਸਕਦੀਆਂ ਹਨ ਜਿੱਥੇ ਸਰਕਾਰ ਕੋਲ ਅੰਕੜਿਆਂ ਦੀ ਘਾਟ ਹੈ ਜਾਂ ਜਿੱਥੇ ਭਾਈਚਾਰਕ ਨੁਕਸਾਨ ਤੋਂ ਬਚਣ ਲਈ ਡਾਟਾ ਇਕੱਤਰ ਕਰਨ ਦੀ ਸਮਰੱਥਾ ਸੀਮਤ ਹੈ। ਉਨ੍ਹਾਂ ਨੂੰ ਤਰਜੀਹਾਂ ਵਜੋਂ ਨਾਮ ਦੇ ਕੇ ਅਸੀਂ ਜਾਣਕਾਰੀ ਵਿੱਚ ਖਾਮੀਆਂ ਅਤੇ ਜਾਣਕਾਰੀ ਤੱਕ ਪਹੁੰਚਣ ਵਿੱਚ ਰੁਕਾਵਟਾਂ ਦੀ ਜਾਂਚ ਕਰਨ ਦੇ ਸਮਰੱਥ ਹੋ ਸਕਦੇ ਹਾਂ, ਅਤੇ ਉਨ੍ਹਾਂ ਕਮੀਆਂ ਨੂੰ ਸੁਰੱਖਿਅਤ ਢੰਗ ਨਾਲ ਦੂਰ ਕਰਨ ਲਈ ਪ੍ਰੋਗਰਾਮ ਖੇਤਰਾਂ ਨੂੰ ਸਹਿਯੋਗ ਦੇ ਸਕਦੇ ਹਾਂ।
ਸਾਡੀਆਂ ਖੋਜ ਤਰਜੀਹਾਂ ਪਹਿਲਾਂ ਦੀ ਖੋਜ ਅਤੇ ਸਿਫ਼ਾਰਸ਼ਾਂ ‘ਤੇ ਅਧਾਰਤ ਹਨ, (ਜਿਵੇਂ ਕਿ ਸਿਹਤ ਸੰਭਾਲ ਵਿੱਚ ਇੰਡੀਜਨਸ-ਵਿਰੋਧੀ ਨਸਲਵਾਦ ਬਾਰੇ ‘ਇਨ ਪਲੇਨ ਸਾਈਟ’ ਰਿਪੋਰਟ, ਜੋ ਸਿਹਤ ਸੰਭਾਲ ਵਿੱਚ ਇੰਡੀਜਨਸ-ਵਿਰੋਧੀ ਨਸਲਵਾਦ ‘ਤੇ ਕੇਂਦਰਿਤ ਹੈ) ਤਾਂ ਜੋ ਬੀ.ਸੀ. ਵਿੱਚ ਬਸਤੀਵਾਦੀ ਪ੍ਰਭਾਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇ। ਇਹ ਖੋਜ, ਇੰਡੀਜਨਸ ਡਾਟਾ ਕਿਵੇਂ ਇਕੱਠਾ ਕੀਤਾ ਜਾਵੇ, ਵਰਤਿਆ ਜਾਵੇ ਅਤੇ ਸਾਂਝਾ ਕੀਤਾ ਜਾਵੇ ਅਤੇ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਦੀ ਸਮਰੱਥਾ ਅਤੇ ਹੋਰ ਮਹੱਤਵਪੂਰਨ ਪ੍ਰਕਿਰਿਆ ਵਚਨਬੱਧਤਾਵਾਂ ਲਈ ਇੱਕ ਭਿੰਨਤਾ-ਅਧਾਰਤ ਪਹੁੰਚ ਦੁਆਰਾ ਨਿਰਦੇਸ਼ਤ ਹੈ।
ਸੰਬੰਧਤ ਵਿਸ਼ੇ
ਖੋਜ ਤਰਜੀਹਾਂ 2025-2027
30 ਮਈ, 2025 ਨੂੰ, ਅਸੀਂ 2025-2027 ਲਈ ਖੋਜ ਤਰਜੀਹਾਂ ਪ੍ਰਕਾਸ਼ਤ ਕੀਤੀਆਂ।
ਇਹ ਤਰਜੀਹਾਂ ਤਿਆਰ ਕਰਨ ਲਈ, ‘ਇੰਡੀਜਨਸ ਲੋਕਾਂ ਅਤੇ ਨਸਲਵਾਦ-ਵਿਰੋਧੀ ਡਾਟਾ ਕਮੇਟੀ’ ਨੇ ਪਿਛਲੇ ਕੁਝ ਸਾਲਾਂ ਦੌਰਾਨ ਭਾਈਵਾਲਾਂ, ਭਾਈਚਾਰੇ ਦੇ ਮੈਂਬਰਾਂ, ਅਤੇ ਹਿਮਾਇਤੀਆਂ ਤੋਂ ਮਿਲੀ ਰਾਏ, ਰਿਪੋਰਟਾਂ ਅਤੇ ਸਿਫਾਰਸ਼ਾਂ ‘ਤੇ ਵਿਚਾਰ ਕੀਤਾ ਹੈ।
2025-2027 ਲਈ ਬਹੁਤ ਸਾਰੀਆਂ ਖੋਜ ਤਰਜੀਹਾਂ ਪਿਛਲੀਆਂ ਤਰਜੀਹਾਂ ਅਤੇ ਕਾਰਵਾਈ ਦੀ ਮੰਗ ਨੂੰ ਅੱਗੇ ਵਧਾਉਂਦੀਆਂ ਹਨ। ਇਸ ਨਾਲ ਪਤਾ ਲੱਗਦਾ ਹੈ ਕਿ ਇਹ ਸਮੱਸਿਆਵਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਹਨ ਅਤੇ ਅੱਜ ਵੀ ਗੰਭੀਰ ਹਨ। ਇਨ੍ਹਾਂ ਨੇ ਬੀ.ਸੀ. ਦੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਅਤੇ ਇੰਡੀਜਨਸ ਲੋਕਾਂ ਦੇ ਅਧਿਕਾਰਾਂ ਉੱਤੇ ਹਮੇਸ਼ਾ ਪ੍ਰਭਾਵ ਪਾਇਆ ਹੈ।

ਇੰਡੀਜਨਸ ਲੋਕਾਂ ਤੋਂ ਖੋਜ ਤਰਜੀਹਾਂ
2025-2027 ਦੀਆਂ ਖੋਜ ਤਰਜੀਹਾਂ ਉਨ੍ਹਾਂ ਆਮ ਵਿਸ਼ਿਆਂ ਨੂੰ ਦਰਸਾਉਂਦੀਆਂ ਹਨ ਜੋ ਅਸੀਂ ਉਨ੍ਹਾਂ ਇੰਡੀਜਨਸ ਲੋਕਾਂ ਤੋਂ ਸੁਣੇ ਹਨ ਜਿਨ੍ਹਾਂ ਨੇ ਸਲਾਹ-ਮਸ਼ਵਰੇ ਅਤੇ ਸਾਂਝੀ ਪ੍ਰਕਿਰਿਆ ਵਿੱਚ ਹਿੱਸਾ ਲਿਆ। ਇਹ ਬੀ.ਸੀ. ਭਰ ਵਿੱਚ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਨੂੰ ਦਰਪੇਸ਼ ਪ੍ਰਣਾਲੀਗਤ ਨਸਲਵਾਦ ਦੇ ਸਾਰੇ ਵੱਖਰੇ ਅਤੇ ਵਿਲੱਖਣ ਮੁੱਦਿਆਂ ਨੂੰ ਨਹੀਂ ਦਰਸਾਉਂਦੇ ਹਨ।
ਇਹ ਤਰਜੀਹ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਲਈ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਤ ਪ੍ਰਣਾਲੀਗਤ ਨਸਲਵਾਦ ਨੂੰ ਸਮਝਣ ਦੇ ਨਾਲ-ਨਾਲ ਸਿਹਤ ਸੰਭਾਲ ਵਿੱਚ ਪਹੁੰਚ ਅਤੇ ਤਜਰਬਿਆਂ ਨੂੰ ਸਮਝਣ ‘ਤੇ ਕੇਂਦਰਿਤ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਇਹ ਸਮਝਣਾ ਕਿ ਸਿਹਤ ਸੰਭਾਲ ਪ੍ਰਣਾਲੀ ਵਿੱਚ ਨਸਲਵਾਦ, ਭੇਦਭਾਵ ਅਤੇ ਨਿਸ਼ਾਨਾਬੰਦੀ ਦੇ ਤਜਰਬੇ ਸੰਭਾਲ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ
- ਇਹ ਮੁਲਾਂਕਣ ਕਰਨਾ ਕਿ ਆਮਦਨੀ, ਸਿੱਖਿਆ ਅਤੇ ਰਿਹਾਇਸ਼ਾਂ ਵਰਗੇ ਕਾਰਕ ਇੰਡੀਜਨਸ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ
- ਇੰਡੀਜਨਸ ਔਰਤਾਂ, LGBTQ2S+ ਵਿਅਕਤੀਆਂ ਅਤੇ ਇੰਡੀਜਨਸ ਭਾਈਚਾਰਿਆਂ ਦੇ ਅੰਦਰ ਨਿਰਪੱਖਤਾ ਦੇ ਹੱਕਦਾਰ ਹੋਰ ਸਮੂਹਾਂ ਨੂੰ ਪੇਸ਼ ਆਉਣ ਵਾਲੀਆਂ ਵਿਲੱਖਣ ਸਿਹਤ ਚੁਣੌਤੀਆਂ ਦੀ ਜਾਂਚ ਕਰਨਾ
- ਇਹ ਸਮਝਣਾ ਕਿ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਸਿਹਤ ਸੰਭਾਲ ਬਣਾਉਣ ਲਈ ਰਵਾਇਤੀ ਇੰਡੀਜਨਸ ਗਿਆਨ ਅਤੇ ਤੌਰ ਤਰੀਕਿਆਂ ਨੂੰ ਕਿਵੇਂ ਏਕੀਕ੍ਰਿਤ ਕੀਤਾ ਜਾ ਸਕਦਾ ਹੈ ਅਤੇ ਇੰਡੀਜਨਸ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ‘ਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ
- ਸਿਹਤ ਸੇਵਾਵਾਂ ਤੱਕ ਪਹੁੰਚ ਦੀ ਜਾਂਚ, ਖਾਸ ਤੌਰ ‘ਤੇ ਪਿੰਡਾਂ ਅਤੇ ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲਿਆਂ ਲਈ
- ਇਹ ਜਾਂਚ ਕਰਨਾ ਕਿ ਮੌਜੂਦਾ ਪ੍ਰੋਗਰਾਮ ਉਨ੍ਹਾਂ ਇੰਡੀਜਨਸ ਲੋਕਾਂ ਨੂੰ ਕਿੰਨੀ ਚੰਗੀ ਤਰ੍ਹਾਂ ਸਹਿਯੋਗ ਦੇ ਰਹੇ ਹਨ ਜੋ ਮਾਨਸਿਕ ਸਿਹਤ ਚੁਣੌਤੀਆਂ ਅਤੇ/ਜਾਂ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਤੋਂ ਪ੍ਰਭਾਵਿਤ ਹਨ
ਇਹ ਤਰਜੀਹ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਵਿਦਿਆਰਥੀਆਂ ਲਈ ‘ਅਰਲੀ ਚਾਈਲਡਹੁੱਡ ਐਜੂਕੇਸ਼ਨ’ (ਬਚਪਨ ਦੀ ਮੁੱਢਲੀ ਸਿੱਖਿਆ) ਤੋਂ ਪੋਸਟ-ਸੈਕੰਡਰੀ ਤੱਕ ਸਿੱਖਿਆ ਦੇ ਨਤੀਜਿਆਂ ਅਤੇ ਪ੍ਰਣਾਲੀਗਤ ਰੁਕਾਵਟਾਂ ਨੂੰ ਸਮਝਣ ‘ਤੇ ਕੇਂਦਰਿਤ ਹੈ
- ਉੱਚ ਸਿੱਖਿਆ ਵਿੱਚ ਅੱਗੇ ਵਧਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਜਾਣਨਾ, ਜਿਸ ਵਿੱਚ ਲੋੜੀਂਦੇ ਯੋਗਤਾ ਪੱਤਰ ਅਤੇ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਸਹਾਇਤਾ ਦੀ ਉਪਲਬਧਤਾ ਸ਼ਾਮਲ ਹੈ।
- ਵਿਦਿਆਰਥੀਆਂ ਦੀ ਵਿਦਿਅਕ ਸਫਲਤਾ ‘ਤੇ ਇੰਡੀਜਨਸ ਸੱਭਿਆਚਾਰਕ ਅਤੇ ਭਾਸ਼ਾਈ ਸੇਵਾਵਾਂ ਅਤੇ ਪਾਠਕ੍ਰਮ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ
- K-12 ਵਿੱਚ ਅਧਿਆਪਕਾਂ ਵਿੱਚ ਸੱਭਿਆਚਾਰਕ ਸੁਰੱਖਿਆ ਸਿਖਲਾਈ ਅਤੇ ਜਵਾਬਦੇਹੀ ਦੀ ਉਪਲਬਧਤਾ ਬਾਰੇ ਜਾਣਨਾ
- ਖੇਡਾਂ ਵਰਗੀਆਂ ਪੜ੍ਹਾਈ ਤੋਂ ਬਾਹਰ ਦੀਆਂ ਸਮਾਵੇਸ਼ੀ ਸਰਗਰਮੀਆਂ ਦੇ ਪ੍ਰਭਾਵ ਅਤੇ ਪਹੁੰਚ ਦੀ ਜਾਂਚ ਕਰਨਾ
ਸੁਰੱਖਿਅਤ ਰਿਹਾਇਸ਼ਾਂ, ਨਿਆਂ ਅਤੇ ਭੋਜਨ ਸੁਰੱਖਿਆ ਤੱਕ ਪਹੁੰਚ ਤੋਂ ਲੈ ਕੇ ਹੋਰ ਕਈ ਕਾਰਕ, ਕਿਸੇ ਦੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ। ਇਹ ਸਾਰੇ ਕਾਰਕ ਮਿਲ ਕੇ ‘ਸੁਰੱਖਿਆ ਦੇ ਸਮਾਜਿਕ ਨਿਰਧਾਰਕ’ ਵਜੋਂ ਜਾਣੇ ਜਾਂਦੇ ਹਨ।
ਇਹ ਤਰਜੀਹ ਸਰਕਾਰ ਲਈ ‘ਲਾਪਤਾ ਅਤੇ ਕਤਲ ਕੀਤੀਆਂ ਗਈਆਂ ਇੰਡੀਜਨਸ ਔਰਤਾਂ ਅਤੇ ਕੁੜੀਆਂ ਦੀ ਅੰਤਿਮ ਰਿਪੋਰਟ’ (Missing and Murdered Indigenous Women and Girls final report) ਦੀਆਂ ਸਿਫਾਰਸ਼ਾਂ ‘ਤੇ ਅਧਾਰਿਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੰਡੀਜਨਸ ਲੋਕਾਂ ਦੀ ਸੁਰੱਖਿਅਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਤੱਕ ਪਹੁੰਚ ਹੋਵੇ। ਇਹ ਸਰਕਾਰ ਨੂੰ ਸੁਰੱਖਿਆ, ਤੰਦਰੁਸਤੀ ਅਤੇ ਪ੍ਰਣਾਲੀਗਤ ਨਸਲਵਾਦ ਨੂੰ ਵਧੇਰੇ ਸੰਪੂਰਨ ਰੂਪ ਵਿੱਚ ਸਮਝਣ ਦੇ ਖੇਤਰਾਂ ਵਿੱਚ ਵਧੇਰੇ ਸਕਾਰਾਤਮਕ ਨਤੀਜਿਆਂ ‘ਤੇ ਧਿਆਨ ਕੇਂਦਰਿਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।
ਇਹ ਤਰਜੀਹ ਹੋਰ ਤਰਜੀਹੀ ਖੇਤਰਾਂ ਨਾਲ ਮੇਲ ਖਾਂਦੀ ਹੈ, ਅਤੇ ਇਹ ਉਜਾਗਰ ਕਰਦੀ ਹੈ ਕਿ ਪ੍ਰਣਾਲੀਗਤ ਰੁਕਾਵਟਾਂ ਆਪਸ ਵਿੱਚ ਕਿਵੇਂ ਜੁੜੀਆਂ ਹੋਈਆਂ ਹਨ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਰਿਹਾਇਸ਼ਾਂ ਤੱਕ ਪਹੁੰਚ, ਜਿਸ ਵਿੱਚ ਸ਼ਾਮਲ ਹਨ:
- ਸੁਰੱਖਿਅਤ ਅਤੇ ਕਿਫ਼ਾਇਤੀ ਰਿਹਾਇਸ਼ਾਂ ਦੀ ਉਪਲਬਧਤਾ ਨੂੰ ਪਰਖਣਾ, ਜਿਸ ਵਿੱਚ ਰਿਜ਼ਰਵ ‘ਤੇ ਸਥਿਤ ਰਿਹਾਇਸ਼ਾਂ ਵੀ ਸ਼ਾਮਲ ਹਨ
- ਵਾਤਾਵਰਨ, ਜਿਸ ਵਿੱਚ ਸ਼ਾਮਲ ਹਨ:
- ਬੁਨਿਆਦੀ ਢਾਂਚੇ ਅਤੇ ਭੂਮੀ ਵਿਕਾਸ ਪ੍ਰੋਜੈਕਟਾਂ (ਉਦਾਹਰਨ ਲਈ ਪ੍ਰੋਸੈਸਿੰਗ ਪਲਾਂਟ, ਰੇਲ ਟਰੈਕ) ਦੇ ਨੇੜੇ ਰਹਿਣ ਨਾਲ ਜਲਵਾਯੂ ਤਬਦੀਲੀ ਦੇ ਉਸ ਪ੍ਰਭਾਵ ਨੂੰ ਸਮਝਣਾ ਜੋ ਸਿਹਤ ਅਤੇ ਤੰਦਰੁਸਤੀ ‘ਤੇ ਪੈਂਦਾ ਹੈ
- ਇਹ ਸਮਝਣਾ ਕਿ ਵਾਤਾਵਰਨ ਅਤੇ ਸਰੋਤ ਪ੍ਰਬੰਧਨ ਦੇ ਤੌਰ-ਤਰੀਕਿਆਂ ਤੋਂ ਇਲਾਵਾ ਕੁਦਰਤੀ ਆਫ਼ਤਾਂ ਦਾ ਪ੍ਰਬੰਧਨ, ਇੰਡੀਜਨਸ ਭਾਈਚਾਰਿਆਂ ਨੂੰ ਸਹਿਯੋਗ ਕਿਵੇਂ ਦਿੰਦਾ ਹੈ
- ਇਹ ਜਾਂਚ ਕਰਨਾ ਕਿ ਇੰਡੀਜਨਸ ਗਿਆਨ ਅਤੇ ਤੌਰ-ਤਰੀਕੇ ਵਾਤਾਵਰਨ ਸੁਰੱਖਿਆ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਨ
- ਸੁਰੱਖਿਅਤ ਜਨਤਕ ਆਵਾਜਾਈ ਤੱਕ ਪਹੁੰਚ, ਜਿਸ ਵਿੱਚ ਸ਼ਾਮਲ ਹਨ:
- ਇਹ ਜਾਂਚਣਾ ਕਿ ਪਿੰਡਾਂ ਅਤੇ ਦੂਰ-ਦੂਰਾਡੇ ਦੇ ਇਲਾਕਿਆਂ ਵਿੱਚ ਸਕੂਲਾਂ ਨੂੰ ਜਨਤਕ ਆਵਾਜਾਈ, ਖਰੀਦਦਾਰੀ ਅਤੇ ਆਮਦਨ ਸਹਾਇਤਾ ਵਰਗੀਆਂ ਸਰਕਾਰੀ ਸੇਵਾਵਾਂ ਉਪਲਬਧ ਹਨ ਜਾਂ ਨਹੀਂ।
- ਨਿਆਂ ਅਤੇ ਭਾਈਚਾਰਕ ਸੁਰੱਖਿਆ ਵਿੱਚ ਸ਼ਾਮਲ ਹਨ:
- ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਇੰਡੀਜਨਸ ਲੋਕਾਂ ਦੀ ਵੱਧ ਗਿਣਤੀ ਨੂੰ ਘਟਾਉਣ ਵਿੱਚ ਭਾਈਚਾਰਕ ਨਿਆਂ ਅਤੇ ਭਾਈਚਾਰਕ ਸੁਰੱਖਿਆ ਪ੍ਰੋਗਰਾਮਾਂ ਅਤੇ ਹੋਰ ਸਹਾਇਤਾਵਾਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨੀ
- ਨਿਆਂ ਪ੍ਰਣਾਲੀ ਵਿੱਚ ਸੱਭਿਆਚਾਰਕ ਸੁਰੱਖਿਆ ਸਿਖਲਾਈ ਪ੍ਰੋਗਰਾਮਾਂ ਦੇ ਪ੍ਰਭਾਵ ਦੀ ਜਾਂਚ ਕਰਨਾ, ਜਿਸ ਵਿੱਚ ਪੁਲਿਸ ਵੀ ਸ਼ਾਮਲ ਹੈ
- ਨਿਆਂ ਪ੍ਰਣਾਲੀ ਵਿੱਚ ਨਸਲਵਾਦ, ਭੇਦਭਾਵ ਅਤੇ ਪ੍ਰੋਫਾਇਲਿੰਗ (ਲੋਕਾਂ ਦੀ ਪਿਛੋਕੜ ਦੇ ਮੱਦੇਨਜ਼ਰ ਉਨ੍ਹਾਂ ਬਾਰੇ ਅੰਦਾਜ਼ੇ ਲਗਾਉਣਾ) ਦੇ ਤਜਰਬਿਆਂ ਨੂੰ ਸਮਝਣਾ ਅਤੇ ਇਹ ਸਮਝਣਾ ਕਿ ਇਹ ਕਿਸ ਤਰ੍ਹਾਂ ਸੁਰੱਖਆਿ ‘ਤੇ ਪ੍ਰਭਾਵ ਪਾਉਂਦੇ ਹਨ।
- ਆਰਥਿਕ ਸ਼ਮੂਲੀਅਤ ਅਤੇ ਰੁਜ਼ਗਾਰ, ਜਿਸ ਵਿੱਚ ਸ਼ਾਮਲ ਹਨ:
- ਕੰਮ ਵਾਲੀਆਂ ਥਾਂਵਾਂ ‘ਤੇ ਭਰਤੀ ਦੇ ਤੌਰ-ਤਰੀਕਿਆਂ ਅਤੇ ਨਸਲਵਾਦ ਵਿੱਚ ਅਸਮਾਨਤਾ ਦਾ ਮੁਲਾਂਕਣ ਕਰਨਾ
- ਇਹ ਜਾਂਚ ਕਰਨਾ ਕਿ ਕਾਰਜਬਲ ਵਿੱਚ ਸ਼ਾਮਲ ਹੋਣ ਵਾਲੇ ਇੰਡੀਜਨਸ ਲੋਕਾਂ ਦੀ ਸਹਾਇਤਾ ਕਰਨ ਲਈ ਕਿਹੜੀ ਸਿਖਲਾਈ ਅਤੇ ਸਰੋਤ ਉਪਲਬਧ ਹਨ
- ਰਿਜ਼ਰਵ ਅਤੇ ਰਿਜ਼ਰਵ ਤੋਂ ਬਾਹਰ ਰਹਿ ਰਹੇ ਲੋਕਾਂ ਲਈ ਰੁਜ਼ਗਾਰ ਅਤੇ ਆਮਦਨ ਦੇ ਮੌਕਿਆਂ ਦੀ ਜਾਂਚ
- ਭੋਜਨ ਸੁਰੱਖਿਆ, ਜਿਸ ਵਿੱਚ ਸ਼ਾਮਲ ਹਨ:
- ਇਹ ਜਾਂਚਣਾ ਕਿ ਫੂਡ ਡਿਜ਼ਰਟਸ (ਇੱਕ ਅਜਿਹਾ ਖੇਤਰ ਜਿਸ ਵਿੱਚ ਕਿਫ਼ਾਇਤੀ ਜਾਂ ਉੱਚ ਗੁਣਵੱਤਾ ਵਾਲਾ ਤਾਜ਼ਾ ਖਾਣਾ ਖਰੀਦਣਾ ਮੁਸ਼ਕਿਲ ਹੈ) ਵਿੱਚ ਰਵਾਇਤੀ ਖਾਣ-ਪੀਣ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਪਹੁੰਚ ਜਾਂ ਉਸ ਦੀ ਘਾਟ ਸਿਹਤ ਅਤੇ ਤੰਦਰੁਸਤੀ ਉੱਤੇ ਕਿਵੇਂ ਅਸਰ ਕਰਦੀ ਹੈ।
ਇੰਡੀਜਨਸ ਲੋਕ ਸਪੱਸ਼ਟ ਸਨ ਕਿ ਸਾਨੂੰ ਇਸ ਕੰਮ ਲਈ ਭਿੰਨਤਾ-ਅਧਾਰਤ ਪਹੁੰਚ ਅਪਣਾਉਣ ਦੀ ਲੋੜ ਹੈ। ਇਹ ਯਕੀਨੀ ਬਣਾਏਗਾ ਕਿ ਅਸੀਂ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਦੇ ਵੱਖਰੇ ਅਧਿਕਾਰਾਂ ਨੂੰ ਸਵੀਕਾਰ ਕਰਦੇ ਹਾਂ, ਉਨ੍ਹਾਂ ਦਾ ਆਦਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਕਾਇਮ ਰੱਖਦੇ ਹਾਂ।
ਨਸਲਵਾਦ-ਵਿਰੋਧੀ ਡਾਟਾ ਕਮੇਟੀ ਦੀਆਂ ਖੋਜ ਤਰਜੀਹਾਂ
ਨਸਲਵਾਦ-ਵਿਰੋਧੀ ਡਾਟਾ ਕਮੇਟੀ ਨੇ 2025-2027 ਲਈ 9 ਤਰਜੀਹਾਂ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿੱਚੋਂ ਸੱਤ, ਪਿਛਲੀਆਂ ਤਰਜੀਹਾਂ ਨੂੰ ਅੱਗੇ ਵਧਾਉਂਦੀਆਂ ਹਨ ਅਤੇ ਦੋ ਖੋਜ ਦੇ ਨਵੇਂ ਖੇਤਰ ਹਨ।

ਇਹ ਤਰਜੀਹ ਬੀ.ਸੀ. ਸਰਕਾਰ ਅਤੇ ਹੋਰ ਪਬਲਿਕ ਸਰਵਿਸ ਵਿੱਚ ਨੌਕਰੀ ‘ਤੇ ਭਰਤੀ, ਬਰਕਰਾਰ ਰਹਿਣ ਅਤੇ ਤਰੱਕੀ ਦੇ ਮੌਕਿਆਂ ਵਿੱਚ ਵਿਭਿੰਨਤਾ ਅਤੇ ਨਿਰਪੱਖਤਾ ਦਾ ਮੁਲਾਂਕਣ ਕਰਨ ‘ਤੇ ਕੇਂਦਰਿਤ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਬੀ ਸੀ ਪਬਲਿਕ ਸਰਵਿਸ ਵਿੱਚ ਇੰਡੀਜਨਸ ਅਤੇ ਨਸਲੀ ਕਰਮਚਾਰੀਆਂ ਲਈ ਨੌਕਰੀ ‘ਤੇ ਭਰਤੀ, ਬਰਕਰਾਰ ਰਹਿਣ ਅਤੇ ਤਰੱਕੀ ਵਿੱਚ ਰੁਕਾਵਟਾਂ ਨੂੰ ਸਮਝਣਾ
- ਬੀ.ਸੀ. ਦੀਆਂ ਏਜੰਸੀਆਂ, ਬੋਰਡਾਂ ਅਤੇ ਕਮਿਸ਼ਨਾਂ ਵਿੱਚ ਨੁਮਾਇੰਦਗੀ ਅਤੇ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਦੁਆਰਾ ਨਿਯੁਕਤੀ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਸਮਝਣਾ
- ਅਸੀਂ ਕਾਰਵਾਈ ਕਰਨ ਲਈ ਬੀ ਸੀ ਪਬਲਿਕ ਸਰਵਿਸ ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਦੇ ਸਟਾਫ਼ ਦੇ ਤਜਰਬਿਆਂ ਅਤੇ ਮੁਹਾਰਤ ਤੋਂ ਕਿਵੇਂ ਸਿੱਖ ਸਕਦੇ ਹਾਂ
- ਬੀ ਸੀ ਪਬਲਿਕ ਸਰਵਿਸ ਵਿੱਚ ਸਮੇਂ ਦੇ ਨਾਲ ਕਾਰਜਬਲ ਦੀ ਵਿਭਿੰਨਤਾ ‘ਤੇ ਨਿਗਰਾਨੀ ਰੱਖਣਾ
ਇਹ ਤਰਜੀਹ ਬੀ.ਸੀ. ਦੀ ਨਿਆਂ ਪ੍ਰਣਾਲੀ ਵਿੱਚ ਪ੍ਰਣਾਲੀਗਤ ਅਸਮਾਨਤਾਵਾਂ ਨੂੰ ਸਮਝਣ ‘ਤੇ ਕੇਂਦਰਿਤ ਹੈ, ਜਿਸ ਵਿੱਚ ਭਾਈਚਾਰਕ ਸੁਰੱਖਿਆ ਅਤੇ ਕਨੂੰਨ ਲਾਗੂ ਕਰਨਾ ਸ਼ਾਮਲ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਪੁਲਿਸ ਨਾਲ ਸੰਪਰਕ, ਕੈਦ ਦੀਆਂ ਦਰਾਂ ਅਤੇ ਜੇਲ੍ਹ ਵਿੱਚ ਮੌਜੂਦ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦਾ ਅਧਿਐਨ।
- ਨਿਆਂ ਤੱਕ ਪਹੁੰਚ, ਜਿਸ ਵਿੱਚ ਕਨੂੰਨੀ ਸਹਾਇਤਾ ਸੇਵਾਵਾਂ ਦੀ ਵਰਤੋਂ ਅਤੇ ਉਪਲਬਧਤਾ ਸ਼ਾਮਲ ਹੈ
- ਹਿੰਸਾ ਦੇ ਪ੍ਰਣਾਲੀਗਤ ਕਾਰਨਾਂ ਅਤੇ ਪ੍ਰਭਾਵ ਨੂੰ ਸਮਝਣਾ, ਜਿਸ ਵਿੱਚ ਇਹ ਮੁਲਾਂਕਣ ਕਰਨਾ ਵੀ ਸ਼ਾਮਲ ਹੈ ਕਿ ਕੀ ਸੰਬੰਧਿਤ ਭਾਈਚਾਰਕ ਸੁਰੱਖਿਆ ਸਹਾਇਤਾਵਾਂ ਪਹੁੰਚਯੋਗ ਹਨ।
- ਪੁਨਰ-ਸਥਾਪਿਤ ਨਿਆਂ ਪ੍ਰੋਗਰਾਮਾਂ ਦਾ ਮੁਲਾਂਕਣ
ਇਹ ਤਰਜੀਹ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਅਤੇ ਸਿਹਤ ਸੰਭਾਲ ਪ੍ਰਣਾਲੀ (ਹੈਲਥ ਕੇਅਰ ਸਿਸਟਮ) ਦੀ ਵਰਤੋਂ ਕਰਦਿਆਂ ਉਨ੍ਹਾਂ ਦੇ ਤਜਰਬਿਆਂ ਨੂੰ ਸਮਝਣ ‘ਤੇ ਕੇਂਦਰਿਤ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਸਿਹਤ ਸੰਭਾਲ ਦੀਆਂ ਥਾਂਵਾਂ ‘ਤੇ ਮਰੀਜ਼ਾਂ ਦੇ ਅਨੁਭਵਾਂ ਨੂੰ ਸਮਝਣਾ, ਜਿਸ ਵਿੱਚ ਨਸਲੀ ਭੇਦਭਾਵ ਅਤੇ ਸੇਵਾਵਾਂ ਤੱਕ ਪਹੁੰਚ ਵਿੱਚ ਆਉਣ ਵਾਲੀਆਂ ਰੁਕਾਵਟਾਂ ਸ਼ਾਮਲ ਹਨ।
- ਇਹ ਦੇਖਣਾ ਕਿ ਨਸਲਵਾਦ ਨੂੰ ਰੋਕਣ ਅਤੇ ਸਭਿਆਚਾਰਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਦਿੱਤੀ ਗਈ ਸਿਖਲਾਈ, ਪਹਿਲਕਦਮੀਆਂ ਅਤੇ ਨੀਤੀਆਂ ਸਿਹਤ ਸੰਭਾਲ ਵਿੱਚ ਕੋਈ ਅਸਲ ਬਦਲਾਅ ਲੈ ਕੇ ਆ ਰਹੀਆਂ ਹਨ ਜਾਂ ਨਹੀਂ।
- ਸਿਹਤ ਅਤੇ ਖੁਸ਼ਹਾਲੀ ਦੀ ਹੋਰ ਧਿਆਨਪੂਰਵਕ ਜਾਂਚ ਕਰਨਾ, ਖਾਸ ਕਰਕੇ ਲੰਮਾ ਸਮਾਂ ਚੱਲਣ ਵਾਲੀਆਂ ਸਿਹਤ ਸਮੱਸਿਆਵਾਂ ਅਤੇ ਮਾਵਾਂ ਅਤੇ ਬੱਚਿਆਂ ਦੀ ਸਿਹਤ ‘ਤੇ ਧਿਆਨ ਕੇਂਦਰਿਤ ਕਰਨਾ
- ਨਸਲੀ ਪਿਛੋਕੜ ਵਾਲੇ ਅਤੇ ਇੰਡੀਜਨਸ ਲੋਕਾਂ ‘ਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਪ੍ਰਭਾਵ ਦੀ ਜਾਂਚ ਕਰਨਾ, ਜਿਸ ਵਿੱਚ ਨੁਕਸਾਨ ਘਟਾਉਣ ਵਾਲੀਆਂ ਸੇਵਾਵਾਂ ਨਾਲ ਸੰਬੰਧਤ ਖੋਜ ਵੀ ਸ਼ਾਮਲ ਹੈ।
- ਮਾਨਸਿਕ ਸਿਹਤ ‘ਤੇ ਨਸਲਵਾਦ ਦੇ ਪ੍ਰਭਾਵ ਨੂੰ ਸਮਝਣਾ ਅਤੇ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਰੁਕਾਵਟਾਂ ਦਾ ਮੁਲਾਂਕਣ ਕਰਨਾ, ਖਾਸ ਕਰਕੇ ਨੌਜਵਾਨਾਂ ਲਈ
- ਸਿਹਤ ਸੰਭਾਲ ਪ੍ਰਣਾਲੀ ਵਿੱਚ ਵਿਭਿੰਨ ਲੋਕਾਂ ਨੂੰ ਸ਼ਾਮਲ ਕਰਨਾ, ਜਿਸ ਵਿੱਚ ਸਿਹਤ-ਸੰਭਾਲ ਪੇਸ਼ੇਵਰ ਅਤੇ ਪ੍ਰਸ਼ਾਸਕੀ ਅਧਿਕਾਰੀ ਸ਼ਾਮਲ ਹਨ
ਇਹ ਤਰਜੀਹ ‘ਅਰਲੀ ਚਾਈਲਡਹੁੱਡ’ (ਬਚਪਨ ਦੀ ਮੁੱਢਲੀ ਸਿੱਖਿਆ), ਤੋਂ ਪੋਸਟ-ਸੈਕੰਡਰੀ ਤੱਕ ਵਿਦਿਆਰਥੀਆਂ ਦੇ ਤਜਰਬਿਆਂ ਅਤੇ ਸਿੱਖਿਆ ਦੇ ਨਤੀਜਿਆਂ ‘ਤੇ ਪ੍ਰਣਾਲੀਗਤ ਨਸਲਵਾਦ ਦੇ ਪ੍ਰਭਾਵ ਨੂੰ ਸਮਝਣ ‘ਤੇ ਕੇਂਦਰਿਤ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਸਕੂਲ ਵਿੱਚ ਨਸਲਵਾਦ ਅਤੇ ਧੱਕੇਸ਼ਾਹੀ (ਬੁਲਿੰਗ) ਦੀ ਜਾਂਚ ਕਰਨਾ
- ਸਿੱਖਿਆ ਪ੍ਰਣਾਲੀ ਵਿੱਚ ਨਸਲਵਾਦ-ਵਿਰੋਧੀ ਪਹਿਲਕਦਮੀਆਂ ਦਾ ਮੁਲਾਂਕਣ ਕਰਨਾ
- ਸਕੂਲਾਂ ਅਤੇ ਸਿੱਖਿਆ ਵਿਭਾਗ, ਖਾਸ ਕਰ ਕੇ ਉੱਚ ਅਹੁਦਿਆਂ ਵਿੱਚ ਵਿਭਿੰਨਤਾ
- K-12 ਵਿੱਚ ਨਸਲੀ ਪਿਛੋਕੜ ਵਾਲੇ ਅਤੇ ਇੰਡੀਜਨਸ ਵਿਦਿਆਰਥੀਆਂ ਲਈ ਅਨੁਸ਼ਾਸਨ, ਸਿੱਖਿਆ ਮਾਰਗਾਂ ਅਤੇ ਸਹਾਇਤਾਵਾਂ ਵਿੱਚ ਅਸਮਾਨਤਾਵਾਂ ਦੇ ਪ੍ਰਭਾਵ ਨੂੰ ਸਮਝਣਾ
- ਅਕਾਦਮਿਕ ਕਾਰਗੁਜ਼ਾਰੀ, ਗ੍ਰੈਜੂਏਸ਼ਨ ਦਰਾਂ ਅਤੇ ਪੋਸਟ-ਸੈਕੰਡਰੀ ਵਿੱਚ ਤਬਦੀਲੀਆਂ ਵਿੱਚ ਅੰਤਰ ਦੀ ਜਾਂਚ ਕਰਨਾ
ਇਹ ਤਰਜੀਹ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ, ਖਾਸ ਕਰਕੇ ਦੇਖਭਾਲ ਵਿੱਚ ਲੋਕਾਂ ਦੀ ਤੰਦਰੁਸਤੀ ਨੂੰ ਸਮਝਣ ‘ਤੇ ਕੇਂਦਰਿਤ ਹੈ। ਇਸ ਵਿੱਚ ਚਾਈਲਡ ਵੈਲਫੇਅਰ ਸਿਸਟਮ (ਬਾਲ ਭਲਾਈ ਪ੍ਰਣਾਲੀ) ਵਿੱਚ ਪ੍ਰਣਾਲੀਗਤ ਨਸਲਵਾਦ ਦੀ ਜਾਂਚ ਸ਼ਾਮਲ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਦੇਖਭਾਲ ਵਿੱਚ ਮੌਜੂਦ ਬੱਚਿਆਂ ਨੂੰ ਪਰਿਵਾਰਾਂ ਨਾਲ ਦੁਬਾਰਾ ਜੋੜਨਾ, ਖਾਸ ਤੌਰ ‘ਤੇ ਸੰਭਾਲ ਵਿੱਚ ਇੰਡੀਜਨਸ ਬੱਚਿਆਂ ਅਤੇ ਨੌਜਵਾਨਾਂ ਦੀ ਵਧੇਰੇ ਗਿਣਤੀ ਨੂੰ ਵੇਖਦੇ ਹੋਏ
- ‘ਚਾਈਲਡ ਵੈਲਫੇਅਰ ਸਿਸਟਮ’ ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਦੀ ਨੁਮਾਇੰਦਗੀ, ਜਿਸ ਵਿੱਚ ਬੱਚੇ, ਨੌਜਵਾਨ ਅਤੇ ਸਿਸਟਮ ਵਿੱਚ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ
- ਦੇਖਭਾਲ ਵਿੱਚ ਬੱਚਿਆਂ ਅਤੇ ਨੌਜਵਾਨਾਂ ਲਈ ਸਿਹਤ ਅਤੇ ਤੰਦਰੁਸਤੀ ਦੇ ਨਤੀਜਿਆਂ ‘ਤੇ ‘ਚਾਈਲਡ ਵੈਲਫੇਅਰ ਸਿਸਟਮ’ ਦੇ ਪ੍ਰਭਾਵ ਦੀ ਪੜਚੋਲ ਕਰਨਾ
ਇਹ ਤਰਜੀਹ ਰੁਜ਼ਗਾਰ ਅਤੇ ਆਮਦਨ ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਨੂੰ ਪੇਸ਼ ਆਉਂਦੀਆਂ ਪ੍ਰਣਾਲੀਗਤ ਅਸਮਾਨਤਾਵਾਂ ਨੂੰ ਸਮਝਣ ‘ਤੇ ਕੇਂਦਰਿਤ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਆਮਦਨ, ਦੌਲਤ ਅਤੇ ਰੁਜ਼ਗਾਰ ਸੰਬੰਧੀ ਅਸਮਾਨਤਾਵਾਂ, ਅਤੇ ਇਸ ਗੱਲ ‘ਤੇ ਵੀ ਧਿਆਨ ਦੇਣਾ ਕਿ ਇਹ ਫਰਕ ਕਈ ਪੀੜੀਆਂ ਤੱਕ ਕਿਵੇਂ ਚਲਦੇ ਆ ਰਹੇ ਹਨ
- ਵੱਖ-ਵੱਖ ਨੌਕਰੀ ਖੇਤਰਾਂ, ਕਿਸਮਾਂ ਅਤੇ ਪੱਧਰਾਂ ਵਿੱਚ ਰੁਜ਼ਗਾਰ ਅਤੇ ਤਨਖਾਹ ਦੇ ਅੰਕੜੇ (ਉਦਾਹਰਨ ਲਈ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ, ਮੈਨੇਜਮੈਂਟ, ਲੀਡਰਸ਼ਿਪ)
- ਰੁਜ਼ਗਾਰ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਜਾਂਚ ਕਰਨਾ, ਜਿਸ ਵਿੱਚ ਵਿਦੇਸ਼ੀ ਪ੍ਰਮਾਣ ਪੱਤਰਾਂ ਨੂੰ ਮਾਨਤਾ ਦੇਣ ਅਤੇ ਰੁਜ਼ਗਾਰ ‘ਤੇ ਸਿੱਖਿਆ ਦੇ ਪੱਧਰ ਦੇ ਪ੍ਰਭਾਵ ਨਾਲ ਸੰਬੰਧਿਤ ਵਿਸ਼ਲੇਸ਼ਣ ਸ਼ਾਮਲ ਹੈ
- ਸਵੈ-ਰੁਜ਼ਗਾਰ ਵਾਲੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਅਸਮਾਨਤਾਵਾਂ ਨੂੰ ਸਮਝਣਾ, ਜਿਵੇਂ ਕਿ ਉਨ੍ਹਾਂ ਲਈ ਕਾਰੋਬਾਰ ਲਈ ਪੈਸਾ ਲੱਭਣਾ ਔਖਾ ਹੋਣਾ, ਅਤੇ ਇਹ ਵੇਖਣਾ ਕਿ ਕੀ ਨੌਕਰੀ ਵਿੱਚ ਨਸਲੀ ਭੇਦਭਾਵ ਨੇ ਉਨ੍ਹਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਮਜਬੂਰ ਕੀਤਾ।
ਇਹ ਤਰਜੀਹ, ਰਿਹਾਇਸ਼ਾਂ ਤੱਕ ਪਹੁੰਚ, ਅਸਥਾਈ ਰਿਹਾਇਸ਼ਾਂ ਅਤੇ ਕਈ ਕਾਰਨਾਂ ਕਰਕੇ ਰਹਿਣ ਲਈ ਅਯੋਗ ਰਿਹਾਇਸ਼ਾਂ, ਅਤੇ ਬੇਘਰ ਹੋਣ ਵਿੱਚ ਪ੍ਰਣਾਲੀਗਤ ਅਸਮਾਨਤਾਵਾਂ ਨੂੰ ਸਮਝਣ ‘ਤੇ ਕੇਂਦਰਿਤ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਇਹ ਕੰਮ, ਨੌਜਵਾਨਾਂ ਅਤੇ ਖੇਤਰੀ ਫ਼ਰਕਾਂ ‘ਤੇ ਖ਼ਾਸ ਧਿਆਨ ਦਿੰਦਿਆਂ ਵੱਖ-ਵੱਖ ਜਨਸੰਖਿਆ ਸਮੂਹਾਂ ਵਿੱਚ ਬੇਘਰ ਹੋਣ ਦੀਆਂ ਦਰਾਂ, ਕਾਰਨਾਂ ਅਤੇ ਪ੍ਰਭਾਵਾਂ ਨੂੰ ਸਮਝਣ ਉੱਤੇ ਕੇਂਦਰਿਤ ਹੈ।
- ਨਸਲਵਾਦ ਨਾਲ ਸੰਬੰਧਿਤ ਕਿਰਾਏਦਾਰਾਂ ਦੇ ਤਜਰਬਿਆਂ ਨੂੰ ਸਮਝਣਾ
- ਖੇਤਰੀ ਉਪਲਬਧਤਾ ਸਮੇਤ ਰਿਹਾਇਸ਼ਾਂ ਸੰਬੰਧੀ ਸਹਾਇਤਾ ਪ੍ਰੋਗਰਾਮਾਂ ਦਾ ਮੁਲਾਂਕਣ ਕਰਨਾ
ਇਹ ਤਰਜੀਹ, ਖੇਡਾਂ ਤੱਕ ਪਹੁੰਚ ਵਿੱਚ ਪ੍ਰਣਾਲੀਗਤ ਨਸਲਵਾਦ ਅਤੇ ਨੌਜਵਾਨਾਂ ਦੀ ਤੰਦਰੁਸਤੀ ‘ਤੇ ਪ੍ਰਭਾਵ ਨੂੰ ਸਮਝਣ ‘ਤੇ ਕੇਂਦਰਿਤ ਹੈ। ਸੰਭਾਵਿਤ ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ:
- ਸਮਾਵੇਸ਼ੀ ਖੇਡਾਂ ਤੱਕ ਪਹੁੰਚ ਕਰਨ ਵਿੱਚ ਰੁਕਾਵਟਾਂ ਅਤੇ ਫੰਡ ਸਹਾਇਤਾ ਵਿੱਚ ਬਰਾਬਰੀ
- ਖੇਡ ਸੰਸਥਾਵਾਂ ਦੇ ਅੰਦਰ ਲੀਡਰਸ਼ਿਪ ਅਤੇ ਹੋਰ ਭੂਮਿਕਾਵਾਂ ਵਿੱਚ ਵਿਭਿੰਨਤਾ
- ਸੰਗਠਿਤ ਖੇਡਾਂ ਵਿੱਚ ਨਸਲਵਾਦ ਦੀ ਪੜਚੋਲ ਕਰਨਾ
- ਨੌਜਵਾਨਾਂ ਦੇ ਵਿਕਾਸ ਅਤੇ ਸ਼ਮੂਲੀਅਤ ਲਈ ਖੇਡ ਨੂੰ ਇੱਕ ਸਾਧਨ ਵਜੋਂ ਵਰਤਣਾ।
ਇਹ ਤਰਜੀਹ ਇਹ ਪਛਾਣ ਕਰਨ ਅਤੇ ਮੁਲਾਂਕਣ ਕਰਨ ‘ਤੇ ਕੇਂਦਰਿਤ ਹੈ ਕਿ ਕਿਹੜਾ ਡਾਟਾ ਮੌਜੂਦ ਹੈ, ਸਰਕਾਰ ਵਿੱਚ ਕਿਹੜੇ ਡਾਟਾ ਦੀ ਘਾਟ ਹੈ ਅਤੇ ਇਸ ਡਾਟਾ ਤੱਕ ਪਹੁੰਚ ਕਰਨ ਵਿੱਚ ਕਿਹੜੀਆਂ ਰੁਕਾਵਟਾਂ ਮੌਜੂਦ ਹਨ। ਪ੍ਰਣਾਲੀਗਤ ਨਸਲਵਾਦ ਵਿੱਚ ਖੋਜ ਨੂੰ ਅੱਗੇ ਵਧਾਉਣ ਲਈ ਮੰਤਰਾਲਿਆਂ ਨੂੰ ਮੌਜੂਦਾ ਡਾਟਾ ਵਿੱਚ ਕਮੀਆਂ ਨੂੰ ਦੂਰ ਕਰਨ ਅਤੇ ਸਰਕਾਰੀ ਅਤੇ ਵਿਆਪਕ ਪਬਲਿਕ ਸੈਕਟਰ ਵਿੱਚ ਮੌਜੂਦਾ ਅੰਕੜਿਆਂ ਨੂੰ ਸਾਂਝਾ ਕਰਨ ਵਿੱਚ ਮਦਦ ਕਰਨ ਲਈ ਇਹ ਪਹਿਲਾ ਕਦਮ ਹੈ। ਇਸ ਕੰਮ ਵਿੱਚ ਸ਼ਾਮਲ ਹਨ:
- ਸਰਕਾਰ ਕੋਲ ਰੱਖੀ ਜਾਣਕਾਰੀ ਦੀ ਡਾਟਾ ਸੂਚੀ ਬਣਾਉਣਾ
- ਇਹ ਵੇਖਣਾ ਕਿ ਮੌਜੂਦਾ ਡਾਟਾ ਪ੍ਰਣਾਲੀਗਤ ਨਸਲਵਾਦ ‘ਤੇ ਖੋਜ ਵਿੱਚ ਕਿਵੇਂ ਵਰਤਿਆ ਜਾ ਸਕਦਾ ਹੈ ਅਤੇ ਕਮੀਆਂ ਕਿੱਥੇ ਮੌਜੂਦ ਹਨ।
ਤੁਹਾਡਾ ਧੰਨਵਾਦ
ਖੋਜ ਤਰਜੀਹਾਂ ਨਿਰਧਾਰਤ ਕਰਨ ਵਿੱਚ ਕਾਫ਼ੀ ਸਮਾਂ ਅਤੇ ਕੋਸ਼ਿਸ਼ ਲੱਗਦੀ ਹੈ। ਇਹ ਕੰਮ ਭਾਵਨਾਵਾਂ ਉੱਤੇ ਡੂੰਘਾ ਅਸਰ ਪਾ ਸਕਦਾ ਹੈ ਕਿਉਂਕਿ ਨਸਲਵਾਦ ਦੇ ਤਜਰਬਿਆਂ ਬਾਰੇ ਵਿਚਾਰ ਕਰਨਾ ਮਾਨਸਕ ਤਣਾਅ ਪੈਦਾ ਕਰ ਸਕਦਾ ਹੈ। ਅਸੀਂ ਉਹਨਾਂ ਭਾਈਵਾਲਾਂ ਅਤੇ ਵਿਅਕਤੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਅਤੇ ਆਪਣੀਆਂ ਸਿਫ਼ਾਰਸ਼ਾਂ ਸਾਂਝੀਆਂ ਕਰਕੇ ਸਾਡੇ ਉੱਤੇ ਭਰੋਸਾ ਕੀਤਾ।
ਉਨ੍ਹਾਂ ਦੇ ਸੋਚ-ਵਿਚਾਰ ਨਾਲ ਭਰਪੂਰ ਯੋਗਦਾਨ ਨਾਲ, ਅਸੀਂ ਤਰਜੀਹਾਂ ਦੀ ਇੱਕ ਸੂਚੀ ਬਣਾਈ ਹੈ ਜੋ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਦੇ ਹਿੱਤਾਂ ਨੂੰ ਦਰਸਾਉਂਦੀ ਹੈ ਅਤੇ ਜੋ ਸਰਕਾਰ ਭਰ ਵਿੱਚ ਖੋਜ ਨੂੰ ਅੱਗੇ ਵਧਾਏਗੀ। ਇਹ ਸੂਚੀ ਆਉਣ ਵਾਲੇ ਸਾਲਾਂ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਇਸ ਨਾਲ ਨਜਿੱਠਣ ਅਤੇ ਨਸਲੀ ਬਰਾਬਰੀ ਨੂੰ ਅੱਗੇ ਵਧਾਉਣ ਲਈ ਸਾਡੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਖੋਜ ਕਿਵੇਂ ਕੀਤੀ ਜਾਵੇਗੀ?
ਐਂਟੀ-ਰੇਸਿਜ਼ਮ ਡੈਟਾ ਐਕਟ ਦੇ ਤਹਿਤ, ਸਾਡਾ ਉਦੇਸ਼ ਵਿਸ਼ਵਾਸ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣਾ ਹੈ। ਇਸ ਦੇ ਨਾਲ ਹੀ ਮੂਲਵਾਸੀ ਲੋਕਾਂ ਅਤੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਨੂੰ ਹੋਣ ਵਾਲੇ ਨੁਕਸਾਨਾਂ ਦੀ ਰੋਕਥਾਮ ਕਰਨਾ ਅਤੇ ਉਹਨਾਂ ਨੂੰ ਘਟਾਉਣਾ ਮਹੱਤਵਪੂਰਨ ਹੈ।
ਅਸੀਂ ਪੰਜ ਪ੍ਰਕਿਰਿਆ ਵਚਨਬੱਧਤਾਵਾਂ ਨੂੰ ਵਿਕਸਤ ਕਰਨ ਲਈ ਐਂਟੀ ਰੇਸਿਜ਼ਮ ਡੈਟਾ ਕਮੇਟੀ ਅਤੇ ਮੂਲਵਾਸੀ ਲੋਕਾਂ ਨਾਲ ਮਿਲ ਕੇ ਕੰਮ ਕੀਤਾ ਹੈ। ਇਹ ਵਚਨਬੱਧਤਾਵਾਂ ਐਕਟ ਅਧੀਨ ਕਰਵਾਏ ਗਏ ਹਰੇਕ ਖੋਜ ਪ੍ਰੋਜੈਕਟ ‘ਤੇ ਲਾਗੂ ਹੋਣਗੀਆਂ।

ਡੈਟਾ ਨਿਆਂ
ਡੈਟਾ ਨਿਆਂ ਉਹਨਾਂ ਦੋਵਾਂ ਨੂੰ ਪਛਾਣਦਾ ਹੈ, ਉਹ ਨੁਕਸਾਨ ਜੋ ਡੈਟਾ ਨੇ ਭਾਈਚਾਰਿਆਂ ਨੂੰ ਪਹੁੰਚਾਏ ਹਨ, ਅਤੇ ਨਾਲ ਹੀ ਨਿਰਪੱਖਤਾ ਅਤੇ ਸਮਾਜਿਕ ਨਿਆਂ ਨੂੰ ਅੱਗੇ ਵਧਾਉਣ ਲਈ ਡੈਟਾ ਦੀ ਸ਼ਕਤੀ।
ਇੱਕ ਵਿਅਕਤੀ ਇੱਕ ਤੋਂ ਵੱਧ ਰੂਪਾਂ ਦੇ ਵਿਤਕਰੇ ਅਤੇ/ਜਾਂ ਛੋਟਾ ਮਹਿਸੂਸ ਕਰਵਾਏ ਜਾਣ ਦਾ ਅਨੁਭਵ ਕਰ ਸਕਦਾ ਹੈ।
ਖੋਜ ਨੂੰ ਇੱਕ ਐਂਟੀ ਰੇਸਿਜ਼ਮ ਅਤੇ ਲਿੰਗ-ਆਧਾਰਿਤ ਨਜ਼ਰੀਏ ਨੂੰ ਕਾਇਮ ਰੱਖਦੇ ਹੋਏ ਇੱਕ ਵਿਅਕਤੀ ਦੀ ਪੂਰੀ ਪਛਾਣ ‘ਤੇ ਵਿਚਾਰ ਕਰਨਾ ਚਾਹੀਦਾ ਹੈ।


ਪਾਰਦਰਸ਼ਤਾ
ਵਿਸ਼ਵਾਸ ਬਣਾਉਣ ਲਈ, ਸਾਨੂੰ ਡੈਟਾ ਇਕੱਠਾ ਕਰਨ ਦੇ ਉਦੇਸ਼ ਅਤੇ ਲਾਭ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ।
ਇਸਦਾ ਮਤਲਬ ਹੈ ਕਿ ਡੈਟਾ, ਵਿਧੀਆਂ ਅਤੇ ਖੋਜਾਂ ਨੂੰ ਕਿਵੇਂ ਅਤੇ ਕਦੋਂ ਸਾਂਝਾ ਕਰਨਾ ਹੈ ਇਹ ਸਮਝਣ ਲਈ ਭਾਈਚਾਰਿਆਂ ਨਾਲ ਕੰਮ ਕਰਨਾ।
ਲਗਾਤਾਰ ਸ਼ਮੂਲੀਅਤ
ਅਸੀਂ ਭਾਈਚਾਰਿਆਂ ਅਤੇ ਭਾਈਵਾਲਾਂ ਨਾਲ ਸੰਬੰਧ ਬਣਾਉਣਾ ਅਤੇ ਉਹਨਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।
ਇਹ ਸੁਨਿਸ਼ਚਿਤ ਕਰੇਗਾ ਕਿ ਮੂਲਵਾਸੀ ਲੋਕਾਂ ਅਤੇ ਹੋਰ ਨਸਲੀ ਪਿਛੋਕੜ ਵਾਲੇ ਵਿਅਕਤੀਆਂ ਦੀਆਂ ਲੋੜਾਂ, ਅਨੁਭਵ ਅਤੇ ਗਿਆਨ, ਡੈਟਾ ਇਕੱਤਰ ਕਰਨ ਅਤੇ ਖੋਜ ਦਾ ਮਾਰਗਦਰਸ਼ਨ ਕਰਦੇ ਹਨ।
